ਡੇਅਰੀ ਵਿਕਾਸ ਵਿਭਾਗ ਵੱਲੋਂ 2 ਹਫਤੇ ਦਾ ਡੇਅਰੀ ਸਿਖਲਾਈ ਕੋਰਸ 18 ਦਸੰਬਰ ਤੋਂ ਸ਼ੁਰੂ- ਸ੍ਰ. ਗੁਰਮੀਤ ਸਿੰਘ ਖੁੱਡੀਆਂ
ਮਲੋਟ: ਪੰਜਾਬ ਸਰਕਾਰ ਸੂਬੇ ਵਿੱਚੋਂ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਵੱਖ-ਵੱਖ ਸਕੀਮਾਂ ਤਹਿਤ ਉਪਰਾਲੇ ਕਰ ਰਹੀ ਹੈ ਤਾਂ ਜੋ ਬੇਰੁਜਗਾਰ ਵਿਅਕਤੀਆਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾ ਕੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਡੇਅਰੀ ਵਿਕਾਸ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 18 ਦਸੰਬਰ ਨੂੰ ਇੰਟਾਗਰੇਟਿਡ ਫਾਰਮਰ ਟ੍ਰੇਨਿੰਗ ਸੈਂਟਰ, ਅਬੁੱਲ ਖੁਰਾਣਾ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ, ਉਨ੍ਹਾਂ ਦਾ ਰੱਖ-ਰਖਾਵ, ਖਾਧ-ਖੁਰਾਕ,
ਨਸਲ ਸੁਧਾਰ, ਅਤੇ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਨਾਲ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਆਪਣਾ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਸਵੈ-ਰੋਜ਼ਗਾਰ ਚਲਾ ਸਕਦੇ ਹਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਿਖਿਆਰਥੀ ਪੇਂਡੂ ਖੇਤਰ ਨਾਲ ਸੰਬੰਧ ਰੱਖਦੇ ਹੋਣ, ਜਿਸ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਪੰਜਵੀਂ ਹੋਵੇ ਅਤੇ ਉਮਰ ਹੱਦ 18 ਤੋਂ 50 ਸਾਲ ਤੱਕ ਹੋਵੇ। ਇਸ ਸਿਖਲਾਈ ਦੀ ਫੀਸ 1000/- ਰੁਪਏ ਜਨਰਲ ਸ਼੍ਰੇਣੀ ਅਤੇ 750/- ਰੁਪਏ ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਲਈ ਹੋਵੇਗੀ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਡੇਅਰੀ ਵਿਭਾਗ ਦੇ ਇਸ ਸਿਖਲਾਈ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। Author: Malout live