ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਕਰਵਾਇਆ ਗਿਆ ਮਹੀਨਾਵਾਰ ਧਾਰਮਿਕ ਸਮਾਗਮ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ ਪੂਰਨਮਾਸ਼ੀ ਦੇ ਮਹੀਨਾਵਾਰ ਸਮਾਗਮ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਕੀਰਤਨੀ ਜੱਥੇ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ ਅਤੇ ਭਾਈ ਸਤਨਾਮ ਸਿੰਘ ਦੇ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਕੀਰਤਨ ਉਪਰੰਤ ਬਾਬਾ ਸਾਹਿਬ ਸਿੰਘ ਪਿੰਡ 40 ਪੀ.ਐੱਸ ਰਾਜਸਥਾਨ ਵਾਲਿਆਂ ਵੱਲੋਂ ਦੀਵਾਨ ਸਜਾਏ ਗਏ ਅਤੇ ਦਸ਼ਮੇਸ਼ ਪਿਤਾ ਦੀ ਜੀਵਨ ਗਾਥਾ ਸੁਣਾਈ ਗਈ। ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹਿਲਾਂ ਹਰ ਸਿੱਖ ਬੱਚੇ ਬੱਚੀ ਨੂੰ ਗੁਰੂ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਬੇੜੇ ਵਿੱਚ ਸਵਾਰ ਹੋਣਾ ਪਵੇਗਾ ਤਾਂ ਹੀ ਉਹ ਦਸ਼ਮੇਸ਼ ਪਿਤਾ ਦੇ ਪੁੱਤਰ ਪੁੱਤਰੀਆਂ ਬਣਨਗੇ ਅਤੇ ਗੁਰੂ ਦੀਆਂ ਰਹਿਮਤਾਂ ਹੋਣਗੀਆਂ। ਉਹਨਾਂ ਕਿਹਾ ਕਿ ਇਸ ਮਕਸਦ ਨਾਲ ਅੱਜ 7 ਜਨਵਰੀ ਨੂੰ ਗੁਰੂਘਰ ਵਿਖੇ ਵਿਸ਼ਾਲ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਕਕਾਰ ਦੇ ਸਟਾਲ ਵੀ ਲੱਗਣਗੇ। ਗੁਰਦੁਆਰਾ ਸ਼ਹੀਦਾਂ ਤੋਂ ਪੁੱਜ ਰਹੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਤਿਆਰ ਕਰਕੇ ਛਕਾਉਣਗੇ। ਇਸ ਪੂਰਨਮਾਸ਼ੀ ਸਮਾਗਮ ਵਿੱਚ ਆਪ ਪਾਰਟੀ ਦੇ ਮਲੋਟ ਹਲਕੇ ਦੇ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ ਵੀ ਪੁੱਜੇ, ਜਿੱਥੇ ਗੁਰੂਘਰ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਸਿਰਪਾਓ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਬਾਬਾ ਜੀ ਦੇ ਸਪੁੱਤਰ ਭਾਈ ਜਗਮੀਤ ਸਿੰਘ ਖਾਲਸਾ, ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜੱਜ ਸ਼ਰਮਾ, ਡਾ. ਸ਼ਮਿੰਦਰ ਸਿੰਘ, ਸੁਰਿੰਦਰ ਸਿੰਘ ਬੱਗਾ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨ ਸੇਵਾਦਾਰਾਂ ਨੇ ਸੇਵਾ ਨਿਭਾਈ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। Author: Malout Live