ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਹਲਕੇ ਵਿੱਚ 1.41 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਮਲੋਟ ਵਿੱਚ ਬੀਤੇ ਦਿਨ 1.41 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਦੌਰਾਨ ਉਨ੍ਹਾਂ ਨੇ ਪਿੰਡ ਚੱਕ ਦੂਹੇ ਵਾਲਾ, ਧਿਗਾਣਾ, ਸੌਥਾ, ਚੱਕ ਮਦਰੱਸਾ, ਰੁਪਾਣਾ ਅਤੇ ਮੌੜ ਦਾ ਦੌਰਾ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਵਿਕਾਸ ਹੀ ਮੁੱਖ ਏਜੰਡਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡ-ਪਿੰਡ ਵੱਡੀਆਂ ਰਕਮਾਂ ਖਰਚ ਕਰਕੇ ਵਿਕਾਸ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜ਼ੋਰ ਨਹੀਂ ਦਿੱਤਾ ਗਿਆ ਅਤੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਤਰਸ ਰਹੇ ਹਨ ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਜ਼ਰੂਰਤਾਂ ਅਨੁਸਾਰ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਂਗਣਵਾੜੀ ਕੇਂਦਰਾਂ ਦੇ ਨਿਰਮਾਣ,
ਗਲੀਆਂ ਨਾਲੀਆਂ, ਪਾਣੀ ਦੀਆਂ ਪਾਈਪਾਂ, ਛੱਪੜਾਂ ਦੇ ਨਵੀਨੀਕਰਨ ਵਰਗੇ ਪ੍ਰੋਜੈਕਟਾਂ ਸ਼ੁਰੂ ਕਰਵਾਏ। ਚੱਕ ਦੂਹੇਵਾਲਾ ਲਈ ਉਹਨਾਂ 10 ਲੱਖ 8 ਹਜ਼ਾਰ ਰੁਪਏ, ਪਿੰਡ ਧਿਗਾਣਾ ਲਈ 10 ਲੱਖ 8 ਹਜ਼ਾਰ ਰੁਪਏ, ਸੌਥਾ ਲਈ 43 ਲੱਖ ਰੁਪਏ, ਚੱਕ ਮਦਰੱਸਾ ਲਈ 10 ਲੱਖ 8 ਹਜ਼ਾਰ ਰੁਪਏ, ਰੁਪਾਣਾ ਲਈ 25 ਲੱਖ 19 ਹਜ਼ਾਰ ਰੁਪਏ ਅਤੇ ਮੌੜ ਲਈ 42 ਲੱਖ 77 ਹਜ਼ਾਰ ਰੁਪਏ ਦੇ ਕੰਮ ਸ਼ੁਰੂ ਕਰਵਾਏ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉੱਥੇ ਲੋਕ ਭਲਾਈ ਦੇ ਕਾਰਜਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹੁਣ ਘਰ-ਘਰ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਾਸ਼ਨ ਡਿੱਪੂ ਤੇ ਜਾਣ ਸਮੇਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਸਰਕਾਰ ਘਰ-ਘਰ ਰਾਸ਼ਨ ਭੇਜ ਰਹੀ ਹੈ। ਇਸ ਮੌਕੇ ਉਹਨਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਥਾਨਕ ਆਗੂ ਹਾਜ਼ਿਰ ਸਨ। Author: Malout Live