ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸ਼ਨ ਦੀ ਹੋਈ ਮੀਟਿੰਗ, ਸ਼ਹਿਰ ਦੇ ਵਿਕਾਸ ਮੁੱਦਿਆਂ 'ਤੇ ਹੋਈ ਚਰਚਾ
ਸਮਾਜਸੇਵੀ ਸੰਸਥਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸ਼ਨ ਮਲੋਟ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਹਰਦਿਆਲ ਸਿੰਘ ਅਤੇ ਮੁੱਖ ਸਰਪਰਸਤ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੈਰੋ ਰੋਡ ਸਥਿਤ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ।
ਮਲੋਟ : ਸਮਾਜਸੇਵੀ ਸੰਸਥਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸ਼ਨ ਮਲੋਟ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਹਰਦਿਆਲ ਸਿੰਘ ਅਤੇ ਮੁੱਖ ਸਰਪਰਸਤ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੈਰੋ ਰੋਡ ਸਥਿਤ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ ਜਿਵੇਂ ਕਿ ਪੀਣ ਵਾਲੇ ਸਾਫ਼ ਪਾਣੀ ਦੀ ਕਮੀ, ਵਾਹਨਾਂ ਦੀ ਪਾਰਕਿੰਗ, ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦਾ ਸੁੰਦਰੀਕਰਨ, ਸਫ਼ਾਈ ਪ੍ਰਬੰਧ, ਆਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਦੀ ਰੋਕਥਾਮ, ਬਾਜ਼ਾਰਾਂ ਵਿੱਚ ਪੀਲੀਆਂ ਪੱਟੀਆਂ ਲਗਾਉਣ, ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਹੋਰ ਨਾਗਰਿਕ ਸਮੱਸਿਆਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਹੱਡਾ-ਰੋੜੀ ਅਤੇ ਸਰਕਾਰੀ ਬੱਸ ਸਟੈਂਡ ਨਾ ਹੋਣ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਲੋਕਾਂ ਨੂੰ ਅਜੇ ਵੀ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ।
ਸਰਕਾਰ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ ਲੋੜਵੰਦਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਵੱਲੋਂ ਗੁਰੂ ਘਰਾਂ ਦੀ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਹੋਰ ਧਾਰਮਿਕ ਸਥਾਨਾਂ ਦੀ ਬਿਜਲੀ ਵੀ ਮੁਫ਼ਤ ਕੀਤੀ ਜਾਵੇ। ਨਾਲ ਹੀ 30 ਜੁਲਾਈ 2026 ਨੂੰ ਸ਼ਾਮ 5:30 ਵਜੇ ਗੁਰਦੁਆਰਾ ਭਾਈ ਜਗਤਾ ਜੀ, ਮਲੋਟ ਵਿਖੇ ਮਿਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਹਰਦਿਆਲ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਹੁੰਦਲ, ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ, ਕੈਸ਼ੀਅਰ ਮਾਸਟਰ ਹਰਜਿੰਦਰ ਸਿੰਘ, ਮੀਤ ਪ੍ਰਧਾਨ ਗੁਰਦਿਆਲ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਸਕੱਤਰ ਜਰਨੈਲ ਸਿੰਘ, ਮੁੱਖ ਸਲਾਹਕਾਰ ਦੇਸ ਰਾਜ ਸਿੰਘ, ਸਲਾਹਕਾਰ ਅੰਮ੍ਰਿਤਪਾਲ ਸਿੰਘ ਤੇ ਹੋਰ ਮੈਂਬਰ ਹਾਜ਼ਿਰ ਸਨ।
Author : Malout Live



