ਨੈਸ਼ਨਲ ਇਮਿਊਨਾਈਜੇਸ਼ਨ ਡੇਅ (ਐਨ.ਆਈ.ਡੀ) ਰਾਊਂਡ ਸੰਬੰਧੀ ਜਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਆਯੋਜਿਤ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ 28 ਤੋਂ 30 ਜੂਨ 2026 ਤੱਕ ਮਨਾਏ ਜਾਣ ਵਾਲੇ ਨੈਸ਼ਨਲ ਇਮਿਊਨਾਈਜੇਸ਼ਨ ਡੇਅ (NID) ਰਾਊਂਡ ਨੂੰ ਸਫਲ ਬਣਾਉਣ ਲਈ ਜਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ 28 ਤੋਂ 30 ਜੂਨ 2026 ਤੱਕ ਮਨਾਏ ਜਾਣ ਵਾਲੇ ਨੈਸ਼ਨਲ ਇਮਿਊਨਾਈਜੇਸ਼ਨ ਡੇਅ (NID) ਰਾਊਂਡ ਨੂੰ ਸਫਲ ਬਣਾਉਣ ਲਈ ਜਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੁਨੀਲ ਕੁਮਾਰ ਬਾਂਸਲ ਨੇ ਸਿਹਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਲਿਓ ਮੁਕਤ ਭਾਰਤ ਦੀ ਪ੍ਰਾਪਤੀ ਨੂੰ ਕਾਇਮ ਰੱਖਣ ਲਈ ਹਰੇਕ ਬੱਚੇ ਤੱਕ ਟੀਕਾਕਰਨ ਸੇਵਾਵਾਂ ਪਹੁੰਚਾਉਣਾ ਸਾਡੀ ਸਾਂਝੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ 28 ਤੋਂ 30 ਜੂਨ ਤੱਕ ਚੱਲਣ ਵਾਲੇ ਐਨ.ਆਈ.ਡੀ ਰਾਊਂਡ ਦੌਰਾਨ ਜਿਲ੍ਹੇ ਦੇ ਹਰੇਕ ਯੋਗ ਬੱਚੇ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਮੁਹਿੰਮ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ।
ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਲਖਵੀਰ ਕੌਰ, ਡਾ. ਰੋਬਿਨ ਕੁਮਾਰ, ਡਾ. ਕੁਲਤਾਰ ਸਿੰਘ, ਡਾ. ਹਰਕੀਰਤ ਸਿੰਘ, ਡਾ. ਰਜਿੰਦਰ ਕੁਮਾਰ ਅਤੇ ਡਾ. ਰਜੀਵ ਸੱਚਦੇਵਾ ਨੇ ਐਨ.ਆਈ.ਡੀ ਰਾਊਂਡ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟੀਕਾਕਰਨ ਦੀ ਪ੍ਰਕਿਰਿਆ, ਬੂਥ ਪ੍ਰਬੰਧਨ, ਘਰ-ਘਰ ਸਰਵੇਖਣ, ਮਾਈਕਰੋ ਪਲਾਨਿੰਗ, ਰਿਕਾਰਡ ਸੰਭਾਲ ਅਤੇ ਰਿਪੋਰਟਿੰਗ ਸੰਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਪਵਿੱਤਰ ਸਿੰਘ (ਐਮ.ਐਲ.ਟੀ) ਅਤੇ ਲਾਲ ਚੰਦ ਹੈੱਲਥ ਵਰਕਰ ਨੇ ਵੀ ਸਿਹਤ ਕਰਮਚਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਮੁਹਿੰਮ ਨੂੰ ਸਫਲ ਬਣਾਉਣ ਲਈ ਲੋੜੀਂਦੀਆਂ ਸਾਵਧਾਨੀਆਂ ਅਤੇ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਸਿਹਤ ਵਿਭਾਗ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਰਧਾਰਿਤ ਮਿਤੀਆਂ ਦੌਰਾਨ ਪੋਲਿਓ ਦੀਆਂ ਬੂੰਦਾਂ ਜਰੂਰ ਪਿਲਾਉਣ ਅਤੇ ਇਸ ਲੋਕ-ਭਲਾਈ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ।
Author : Malout Live



