ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ- ਬਰਿੰਦਰ ਕੁਮਾਰ ਗੋਇਲ

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਮਲੋਟ (ਪੰਜਾਬ) : ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡ੍ਰੋਕਾਰਬਨ (ਡੀ.ਜੀ.ਐਚ) ਅਤੇ ਆਇਲ ਇੰਡੀਆ ਲਿਮਟਿਡ (ਓ.ਆਈ.ਐਲ) ਦੇ ਉੱਚ ਅਧਿਕਾਰੀਆਂ ਨਾਲ ਮਗਸੀਪਾ ਵਿਖੇ ਮੁਲਾਕਾਤ ਕਰਨ ਅਤੇ ਪ੍ਰਸਤਾਵਿਤ ਸਰਵੇਖਣ ਨੂੰ ਮੁਕੰਮਲ ਕਰਨ ਸਬੰਧੀ ਸਹਾਇਤਾ ਦੀ ਮੰਗ ਕਰਨ ਉਪਰੰਤ ਆਖੀ। ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡ੍ਰੋਕਾਰਬਨ ਸਰੋਤਾਂ ਦੀ ਖੋਜ ਸਬੰਧੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਆਇਲ ਇੰਡੀਆ ਲਿਮਟਿਡ ਵੱਲੋਂ ਕੁਦਰਤੀ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਕਰਨ ਲਈ ਇੱਕ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਉੱਚ-ਪੱਧਰੀ ਵਿਗਿਆਨਕ ਸਲਾਹਕਾਰ ਖੋਜ ਕਮੇਟੀ ਵੱਲੋਂ ਦੇਸ਼ ਭਰ ਦੇ ਉਨ੍ਹਾਂ ਅਣ-ਪਛਾਤੇ ਖੇਤਰਾਂ ਵਿੱਚ ਵਿਆਪਕ ਸਰਵੇਖਣ ਦੀ ਸਿਫਾਰਸ਼ ਕੀਤੀ ਗਈ ਹੈ, ਜਿੱਥੇ ਖਣਿਜਾਂ ਅਤੇ ਪੈਟਰੋਲੀਅਮ ਭੰਡਾਰਾਂ ਸਬੰਧੀ ਹਾਲੇ ਤੱਕ ਕੋਈ ਖੋਜ ਨਹੀਂ ਕੀਤੀ ਗਈ। ਸ਼੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਮੰਤਰਾਲੇ ਨੇ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਸਣੇ ਰਾਜਸਥਾਨ ਵਿੱਚ ਬਾੜਮੇਰ, ਸੰਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਪੱਤਣਾਂ ਦੇ ਨਾਲ-ਨਾਲ ਗੰਗਾ ਪੱਤਣ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਉਪ-ਪੱਤਣ (ਸਬ-ਬੇਸਿਨ) ਵਿੱਚ ਲਗਭਗ 169 ਲਾਈਨ ਕਿਲੋਮੀਟਰ ਨੂੰ ਕਵਰ ਕਰਦਿਆਂ ਵੱਡੇ ਪੱਧਰ 'ਤੇ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਤੇਲ ਤੇ ਗੈਸ ਪਦਾਰਥਾਂ ਦਾ ਪਤਾ ਲਾਉਣ ਲਈ ਨਾ ਸਿਰਫ਼ ਖੋਜ ਗਤੀਵਿਧੀਆਂ ਨੂੰ ਤੇਜ਼ ਕਰੇਗੀ, ਸਗੋਂ ਇੱਕ ਵਿਆਪਕ ਭੂ-ਵਿਗਿਆਨਕ ਡੇਟਾ ਬੈਂਕ ਬਣਾਉਣ ਵਿੱਚ ਵੀ ਮੱਦਦ ਕਰੇਗੀ। ਜਿਸ ਨਾਲ ਭਾਰਤ ਦੀ ਵਿਦੇਸ਼ੀ ਊਰਜਾ ਸਰੋਤਾਂ 'ਤੇ ਨਿਰਭਰਤਾ ਘਟੇਗੀ ਅਤੇ ਪੰਜਾਬ ਸਮੇਤ ਬਾਕੀ ਸੂਬਿਆਂ ਲਈ ਆਰਥਿਕ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।

Author : Malout Live