ਮਲੋਟ 'ਚ ਲਾਵਾਰਿਸ ਪਲਾਟ ਬਣਿਆ ਗੰਦਗੀ ਦਾ ਅੱਡਾ, ਲੋਕਾਂ ਨੇ ਨਗਰ ਕੌਂਸਲ ਤੋਂ ਲਾਈ ਗੁਹਾਰ

ਮਲੋਟ ਹਨੂੰਮਾਨ ਮੰਦਿਰ ਰੋਡ ਦੀ ਬੈਕ ਸਾਈਡ ਸਥਿਤ ਬੰਦ ਪਈ ਗਲੀ ਵਿੱਚ ਕਾਫ਼ੀ ਸਮੇਂ ਤੋਂ ਖਾਲੀ ਪਿਆ ਇੱਕ ਪਲਾਟ ਗੰਦਗੀ ਦਾ ਅੱਡਾ ਬਣਿਆ ਹੋਇਆ ਹੈ। ਪਲਾਟ ਦੀ ਦੁਰਦਸ਼ਾ ਦੇਖ ਕੇ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਲਾਵਾਰਿਸ ਛੱਡਿਆ ਗਿਆ ਹੈ। ਨਾ ਤਾਂ ਇਸ ਦੇ ਮਾਲਕ ਦਾ ਕੋਈ ਅਤਾ-ਪਤਾ ਹੈ ਅਤੇ ਨਾ ਹੀ ਕਿਸੇ ਵੱਲੋਂ ਇਸ ਦੀ ਸਫ਼ਾਈ ਜਾਂ ਦੇਖਭਾਲ ਕੀਤੀ ਜਾ ਰਹੀ ਹੈ।

ਮਲੋਟ : ਮਲੋਟ ਹਨੂੰਮਾਨ ਮੰਦਿਰ ਰੋਡ ਦੀ ਬੈਕ ਸਾਈਡ ਸਥਿਤ ਬੰਦ ਪਈ ਗਲੀ ਵਿੱਚ ਕਾਫ਼ੀ ਸਮੇਂ ਤੋਂ ਖਾਲੀ ਪਿਆ ਇੱਕ ਪਲਾਟ ਗੰਦਗੀ ਦਾ ਅੱਡਾ ਬਣਿਆ ਹੋਇਆ ਹੈ। ਪਲਾਟ ਦੀ ਦੁਰਦਸ਼ਾ ਦੇਖ ਕੇ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਲਾਵਾਰਿਸ ਛੱਡਿਆ ਗਿਆ ਹੈ। ਨਾ ਤਾਂ ਇਸ ਦੇ ਮਾਲਕ ਦਾ ਕੋਈ ਅਤਾ-ਪਤਾ ਹੈ ਅਤੇ ਨਾ ਹੀ ਕਿਸੇ ਵੱਲੋਂ ਇਸ ਦੀ ਸਫ਼ਾਈ ਜਾਂ ਦੇਖਭਾਲ ਕੀਤੀ ਜਾ ਰਹੀ ਹੈ। ਪਲਾਟ ਵਿੱਚ ਕੂੜੇ ਦੇ ਢੇਰ, ਜੰਗਲੀ ਬੂਟੇ ਅਤੇ ਬੇਲੋੜੇ ਦਰੱਖਤ ਬੇਰੋਕ-ਟੋਕ ਫੈਲ ਚੁੱਕੇ ਹਨ, ਜੋ ਹੁਣ ਨਾਲ ਲੱਗਦੇ ਘਰਾਂ ਵੱਲ ਵੀ ਵਧ ਰਹੇ ਹਨ। ਬਰਸਾਤ ਦੇ ਮੌਸਮ ਵਿੱਚ ਇਹ ਥਾਂ ਮੱਛਰਾਂ, ਮੱਖੀਆਂ, ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦੀ ਪਨਾਹਗਾਹ ਬਣਦੀ ਜਾ ਰਹੀ ਹੈ ਇਸ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਇੱਥੇ ਬਿਮਾਰੀਆਂ ਫੈਲਣ ਜਾਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਤਰਾ ਬਣਿਆ ਰਹੇਗਾ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਪਲਾਟ ਦਾ ਮਾਲਕ ਸਾਹਮਣੇ ਨਹੀਂ ਆ ਰਿਹਾ ਤਾਂ ਨਗਰ ਕੌਂਸਲ ਨੂੰ ਆਪਣੇ ਪੱਧਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਜੋਨੀ ਗਰਗ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਪਲਾਟ ਦੀ ਸਫ਼ਾਈ ਕਰਵਾਈ ਜਾਵੇ, ਜੰਗਲੀ ਬੂਟਿਆਂ ਦੀ ਕਟਾਈ ਕਰਵਾਈ ਜਾਵੇ ਅਤੇ ਜੇਕਰ ਪਲਾਟ ਦਾ ਮਾਲਕ ਸਾਹਮਣੇ ਨਹੀਂ ਆਉਂਦਾ ਤਾਂ ਨਗਰ ਕੌਂਸਲ ਵੱਲੋਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ

Author : Malout Live