ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੈਨਸ਼ਨ ਲਾਭਪਾਤਰੀਆਂ ਨੂੰ 52.79 ਕਰੋੜ ਰੁਪਏ ਦੀ ਪੈਨਸ਼ਨ ਦੀ ਕੀਤੀ ਜਾ ਚੁੱਕੀ ਅਦਾਇਗੀ- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਆਰਥਿਕ ਤੌਰ ਤੇ ਕਮਜ਼ੋਰ ਅਤੇ ਪੱਛੜੇ ਹੋਏ ਵਰਗ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਜਿਸ ਦੇ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਨੂੰ ਸਹਾਇਤਾ ਅਤੇ ਦਿਵਿਆਂਗ ਲੋਕਾਂ ਲਈ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਸਵੀਰ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਹੀਨਾ ਜਨਵਰੀ-2023 ਤੋਂ ਮਾਰਚ-2023 ਦੌਰਾਨ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ ਕੁੱਲ 2336 ਹੋਰ ਨਵੀਆਂ ਪੈਨਸ਼ਨਾਂ ਮੰਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹੀਨਾ ਜਨਵਰੀ ਤੋਂ ਮਹੀਨਾ ਮਾਰਚ-2023 ਤੱਕ 1812 ਬੁਢਾਪਾ, 302 ਵਿਧਵਾ, 134 ਆਸ਼ਰਿਤ ਬੱਚਿਆਂ ਦੀਆਂ ਪੈਨਸ਼ਨਾਂ ਅਤੇ 88 ਦਿਵਿਆਂਗ ਪੈਨਸ਼ਨਾਂ ਮੰਨਜੂਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਨੁਸਾਰ ਮਹੀਨਾ ਜਨਵਰੀ 2023 ਤੋਂ ਮਾਰਚ 2023 ਦੌਰਾਨ ਜ਼ਿਲ੍ਹੇ ਅਧੀਨ 1,17,321 ਪੈਨਸ਼ਨ ਲਾਭਪਾਤਰੀਆਂ ਨੂੰ ਲਗਭਗ 52.79 ਕਰੋੜ ਰੁਪਏ ਦੀ ਪੈਨਸ਼ਨ ਦੀ ਅਦਾਇਗੀ ਕੀਤੀ ਗਈ ਹੈ। Author: Malout Live