ਪੰਚਾਇਤੀ ਚੋਣ ਡਿਊਟੀਆਂ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨਾਲ ਕੀਤੀ ਗਈ ਮੀਟਿੰਗ

ਸੂਬਾਈ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਮੰਗਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਵਫਦ ਪ੍ਰਧਾਨ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਥਾਂਦੇਵਾਲਾ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਆਉਣ ਵਾਲੀ 15 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਈ.ਵੀ.ਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਪੰਚਾਇਤੀ ਚੋਣਾਂ ਦੌਰਾਨ ਹਰ ਵਾਰ ਡਿਊਟੀ ਦੇ ਰਹੇ ਚੋਣ ਅਮਲੇ ਅੰਦਰ ਚੋਣਾਂ ਦੌਰਾਨ ਹੋਣ ਵਾਲੇ ਲੜਾਈ ਝਗੜੇ ਦੇ ਡਰ ਤੋਂ ਸਹਿਮ ਦਾ  ਮਾਹੌਲ ਬਣਿਆ ਰਹਿੰਦਾ ਹੈ। ਜਿਸ ਕਰਕੇ ਜ਼ਿਆਦਾਤਰ ਮੁਲਾਜ਼ਮ ਔਖ ਮਹਿਸੂਸ ਕਰਦੇ ਹਨ ਇਸੇ ਸੰਬੰਧ ਵਿੱਚ  ਸੂਬਾਈ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਮੰਗਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਵਫਦ ਪ੍ਰਧਾਨ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਥਾਂਦੇਵਾਲਾ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਆਉਣ ਵਾਲੀ 15 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਈ.ਵੀ.ਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ। ਜਿਸ ਨਾਲ ਪਾਰਦਰਸ਼ਤਾ, ਝਗੜਾ ਮੁਕਤ, ਪੈਸੇ ਅਤੇ ਸਮੇਂ ਦੀ ਬੱਚਤ ਨਾਲ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਵੋਟਾਂ ਦੀ ਗਿਣਤੀ ਤਹਿਸੀਲ ਜਾਂ ਬਲਾਕ ਪੱਧਰ ਤੇ ਕਰਵਾਈ ਜਾਵੇ ਕਿਉਂਕਿ ਹਾਰਨ ਵਾਲੇ ਉਮੀਦਵਾਰ ਦੇ ਸਮਰਥਕਾਂ ਵੱਲੋਂ ਅਕਸਰ ਲੜਾਈ ਝਗੜਾ ਅਤੇ ਪੱਥਰਬਾਜ਼ੀ ਕਰ ਦਿੱਤੀ ਜਾਂਦੀ ਹੈ।

ਮੁਲਾਜ਼ਮਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਸਤਰੀ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਲਗਾਇਆ ਜਾਵੇ, ਚੋਣ ਡਿਊਟੀਆਂ ਬਲਾਕ ਦੇ ਅੰਦਰ ਹੀ ਲਗਾਈਆਂ ਜਾਣ। ਅੰਗਹੀਣ, ਵਿਧਵਾ, ਤਲਾਕਸ਼ੁਦਾ, ਗਰਭਵਤੀ ਮਹਿਲਾਵਾਂ ਨੂੰ ਛੋਟ ਦਿੱਤੀ ਜਾਵੇ। ਕਪਲ ਕੇਸ ਵਿੱਚ ਕੇਵਲ ਪੁਰਸ਼ ਮੁਲਾਜ਼ਮਾਂ ਦੀ ਡਿਊਟੀ ਹੀ ਲਗਾਈ ਜਾਵੇ। ਚੋਣਾਂ ਦੌਰਾਨ ਦੁਰਘਟਨਾ ਹੋਣ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੀ ਤਰਜ ਤੇ ਐਕਸ ਗਰੇਸ਼ੀਆ ਜਾਰੀ ਕੀਤਾ ਜਾਵੇ। ਵੋਟਾਂ ਦੇ ਪਹਿਲਾਂ ਤੋਂ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਦਿਨ ਭਰ ਦੀ ਵੋਟਿੰਗ ਗਿਣਤੀ ਤੋਂ ਬਾਅਦ ਸਹਿਜੇ ਹੀ ਸਮਾਨ ਜਮਾ ਕਰਵਾਇਆ ਜਾ ਸਕੇ। ਚੋਣ ਅਮਲੇ ਨੂੰ ਮਿਹਨਤਾਨਾ ਦਿੱਤਾ ਜਾਵੇ ਅਤੇ ਖਾਣੇ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ, ਦੂਰ ਦੁਰਾਡੇ ਤੋਂ ਆਉਣ ਵਾਲੇ ਮੁਲਾਜ਼ਮਾਂ ਦੀ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਵੇ, ਸਭ ਤੋਂ ਅਹਿਮ ਚੋਣ ਅਮਲੇ ਦੀ ਵੋਟ ਪਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਉਹ ਵੀ ਵੋਟ ਦਾ ਇਸਤੇਮਾਲ ਕਰ ਸਕਣ। ਮੀਟਿੰਗ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਕਤ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਉਹਨਾਂ ਨੂੰ ਮਜ਼ਬੂਰਨ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਇਸ ਦੌਰਾਨ ਡਾ. ਅਮਨਦੀਪ ਸਿੰਘ ਗਿੱਲ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ ਖੁਰਾਣਾ, ਬਲਕਰਨ ਸਿੰਘ , ਬਲਜਿੰਦਰ ਸਿੰਘ, ਗੁਰਜੀਤ ਸਿੰਘ, ਮੰਗੂ ਸਿੰਘ ਵਿਕਰਮਜੀਤ ਸੰਧੂ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਹਰਮੀਤ ਸਿੰਘ, ਅਮਰੀਕ ਸਿੰਘ ਕਾਲੜਾ ਅਤੇ ਮਲਕੀਤ ਸਿੰਘ ਹਾਜ਼ਿਰ ਸਨ।

Author : Malout Live