ਮੇਲਾ ਮਾਘੀ ਸਮੇਂ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ। ਮੇਲੇ ਤੇ ਆਉਣ ਸਮੇਂ ਮਾਸਕ ਪਹਿਨਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ: ਡਾ ਰੰਜੂ ਸਿੰਗਲਾ ਸਿਵਲ ਸਰਜਨ।
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਅਤੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੇਲਾ ਮਾਘੀ ਸਮੇਂ ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ, ਪ੍ਰਬੰਧਕਾਂ, ਦੁਕਾਨਦਾਰਾਂ, ਸੈਲੂਨਾਂ, ਸ਼ਾਪਿੰਗ ਮਾਲਾਂ ਲਈ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਸਮੇਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਨੇ ਜਿਲਾ ਵਾਸੀਆਂ ਨੂੰ ਲੋਹੜੀ ਅਤੇ ਮੇਲਾ ਮਾਘੀ ਦੀ ਵਧਾਈ ਦਿੱਤੀ ਅਤੇ ਪ੍ਰਮਾਤਮਾ ਅੱਗੇ ਮਨੱੁਖੀ ਤੰਦਰੁਸਤੀ ਅਤੇ ਤਰੱਕੀ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਹਰ ਸਾਲ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਦਰਬਾਰ ਸਾਹਿਬ ਵਿਖੇ ਨਤਮਸਤਿਕ ਹੋਣ ਲਈ ਆਉਂਦੇ ਹਨ। ਉਹਨਾਂ ਕਿਹਾ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਕਾਰਣ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਿਨੀ ਦੇਰ ਤੱਕ ਕੋਰੋਨਾ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀ ਹੋਈ ਗਾਈਡਲਾਈਨਜ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਮੇਲੇ ਵਿੱਚ ਆਏ ਹੋਏ ਕਾਰੋਬਾਰੀਆਂ, ਦੁਕਾਨਦਾਰਾਂ, ਪ੍ਰਬੰਧਕਾਂ, ਸੈਲੂਨਾਂ, ਮਾਲ ਮਾਲਿਕਾਂ ਅਤੇ ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਕਾਰੋਬਾਰੀ ਸਥਾਨ ਤੇ ਪੈਰ ਨਾਲ ਚੱਲਣ ਵਾਲੇ ਹੱਥ ਧੋਣ ਦਾ ਪ੍ਰਬੰਧ ਕਰਨ, ਅਲਕੋਹਲ ਵਾਲੇ ਸੈਨੀਟਾਈਜ਼ਰਾਂ ਦਾ ਪ੍ਰਬੰਧ ਕਰਨ ਅਤੇ ਦੋੋ ਮੀਟਰ ਦੀ ਫਾਸਲਾ ਰੱਖਣ। ਮੇਲੇ ਵਿੱਚ ਸ਼ਾਮਿਲ ਹੋਣ ਸਮੇਂ ਘਰ ਤੋਂ ਬਾਹਰ ਨਿਕਲਦੇ ਸਮੇਂ ਹੀ ਨੱਕ ਅਤੇ ਮੂੰਹ ਢੱਕਦਾ ਮਾਸਕ ਪਹਿਣ ਕੇ ਆਉਣ ਅਤੇ ਘਰ ਵਾਪਸੀ ਤੱਕ ਮਾਸਕ ਪਹਿਣ ਕੇ ਰੱਖਿਆ ਜਾਵੇ, ਵਰਤੇ ਹੋਏ ਮਾਸਕ ਇੱਧਰ ਉਧਰ ਨਾ ਸੁੱਟੇ ਜਾਣ ਸਗੋਂ ਸਹੀ ਨਿਪਟਾਰਾ ਕੀਤਾ ਜਾਵੇ, ਕੱਪੜੇ ਦੇ ਮਾਸਕਾਂ ਨੂੰ ਹਰ ਰੋਜ ਧੋ ਕੇ ਵਰਤੇ ਜਾਣ। ਮੇਲੇ ਵਿੱਚ ਵਾਰ ਵਾਰ ਸਾਬਨ ਨਾਲ 40 ਸੈਕਿੰਡ ਤੱਕ ਹੱਥ ਧੋਤੇ ਜਾਣ, ਹੱਥ ਮਿਲਾਉਣ ਅਤੇ ਗਲੇ ਮਿਲਣ ਤੋਂ ਪ੍ਰਹੇਜ ਕੀਤਾ ਜਾਵੇ,
ਖੁੱਲੇ ਵਿੱਚ ਬਿਲਕੁਲ ਨਾ ਥੁੱਕੋ, ਜੇਕਰ ਕਿਸੇ ਨੂੰ ਬੁਖਾਰ, ਖਾਂਸੀ, ਜੁਕਾਮ ਹੈ ਤਾਂ ਮੇਲੇ ਵਿੱਚ ਆਉਣ ਤੋਂ ਪ੍ਰਹੇਜ ਕੀਤਾ ਜਾਵੇ ਅਤੇ ਤੁਰੰਤ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ। ਮੇਲੇ ਵਿੱਚ ਖੰਘਦੇ ਸਮੇਂ ਜਾਂ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕੋ ਅਤੇ ਟਿਸ਼ੂ ਨੂੰ ਡਸਟਬਿਨ ਵਿੱਚ ਸੁੱਟੋ। ਜੇਕਰ ਰੁਮਾਲ ਜਾਂ ਟਿਸ਼ੂ ਨਹੀਂ ਹੈ ਤਾਂ ਖੰਘਦੇ ਜਾਂ ਛਿਕਦੇ ਸਮੇਂ ਮੂੰਹ ਨੂੰ ਕੂਹਣੀ ਨਾਲ ਢੱਕੋ। ਮੇਲੇ ਵਿੱਚ ਜਨਤਕ, ਧਾਰਮਿਕ ਅਤੇ ਰਾਜਨੀਤਿਕ ਇਕੱਠ ਕਰਦੇ ਸਮੇਂ 2 ਮੀਟਰ ਦੀ ਦੂਰੀ ਦੀ ਪਾਲਣਾ ਕੀਤੀ ਜਾਵੇ। ਕਿਸੇ ਵੀ ਦਰਵਾਜੇ ਦੇ ਹੈਂਡਲ, ਰੇਲਿੰਗ ਅਤੇ ਕੰਧਾਂ ਆਦਿ ਨੂੰ ਨਾ ਛੂਹਿਆ ਜਾਵੇ। ਜੇਕਰ ਛੁਹਣਾ ਪਵੇ ਤਾਂ ਆਪਣੇ ਹੱਥਾਂ ਨੂੰ ਤੁਰੰਤ ਸੈਨੇਟਾਈਜ਼ ਕਰੋ ਜਾਂ ਸਾਬਨ ਨਾਲ ਧੋਵੋ। ਉਹਨਾ ਦੁਕਾਨਦਾਰਾਂ ਨੂੰ ਹਦਾਇਤ ਹੈ ਕਿ ਉਹ ਆਪ ਅਤੇ ਆਪਣੇ ਮੁਲਾਜ਼ਮਾਂ ਨੂੰ ਮਾਸਕ ਦੀ ਉਪਲਬਧਤਾ ਜਰੂਰੀ ਕਰਵਾਉਣ, ਦੁਕਾਨ ਦੇ ਬਾਹਰ ਅਲਕੋਹਲ ਵਾਲਾ ਸੈਨੀਟਾਈਜ਼ਰ ਦਾ ਪ੍ਰਬੰਧ ਕਰਨ, ਦੁਕਾਨ ਤੇ ਸਾਬਨ ਨਾਲ ਹੱਥ ਧੋਣ ਦਾ ਪ੍ਰਬੰਧ ਕਰਨ, ਦੁਕਾਨ ਅੰਦਰ 2 ਮੀਟਰ ਦੀ ਦੂਰੀ ਦਾ ਧਿਆਨ ਰੱਖਿਆ ਜਾਵੇ ਅਤੇ ਧਿਆਨ ਰੱਖਿਆ ਜਾਵੇ ਕਿ ਦੁਕਾਨ ਅੰਦਰ ਸਿਗਰਟ, ਤੰਬਾਕੂ, ਗੁਟਕਾ ਜਾਂ ਪਾਨ ਮਸਾਲਾ ਨਾ ਵਰਤਿਆ ਜਾਵੇ। ਦੁਕਾਨ ਖੋਲਣ ਅਤੇ ਬੰਦ ਕਰਨ ਸਮੇਂ ਦੁਕਾਨ ਦੇ ਵਿਹੜੇ ਨੂੰ ਚੰਗੀ ਤਰਾਂ ਸਾਫ਼ ਜਾਂ ਸੈਨੀਟਾਈਜ਼ ਕੀਤੇ ਜਾਣ। ਉਹਨਾ ਗ੍ਰਾਹਕਾਂ ਨੁੰ ਬੇਨਤੀ ਹੈ ਕਿ ਉਹ ਬਾਜ਼ਾਰ ਵਿੱਚੋਂ ਸਮਾਨ ਖਰੀਦਣ ਲਈ ਘਰ ਤੋਂ ਹੀ ਬੈਗ ਲੈ ਕੇ ਆਉਣ, ਬਾਜਾਰ ਚੋਂ ਲਿਆਂਦਾ ਸਾਮਾਨ ਨੂੰ ਧੋ ਲੈਣ ਜਾਂ ਸੈਨੈਟਾਈਜ਼ ਕਰਕੇ ਹੀ ਵਰਤੇ ਜਾਣ, ਕੱਟੇ ਹੋੇਏ ਫਲ ਜਾਂ ਸਬਜੀਆਂ ਨਾ ਖਰੀਦੀਆਂ ਜਾਣ, ਡਿਜ਼ੀਟਲ ਪੇਮੈਂਟ ਨੂੰ ਤਰਜੀਹ ਦਿੱਤੀ ਜਾਵੇ। ਉਹਨਾਂ ਆਮ ਜਨਤਾ ਨੂੰ ਬੇਨਤੀ ਕੀਤੀ ਕਿ ਸਿਹਤ ਵਿਭਾਗ ਦੀਆਂ ਇਨਾਂ ਗਾਈਡਲਾਈਨਜ਼ ਦੀ ਪਾਲਣਾ ਕਰਕੇ ਕੋਵਿਡ-19 ਮਹਾਂਮਾਰੀ ਤੋਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸਟਾਫ਼ ਨੂੰ ਬਚਾ ਸਕਦੇ ਹਾਂ।ਇਸ ਸਮੇਂ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਗੁਰਤੇਜ ਸਿੰਘ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਫ਼ਸਰ, ਗਗਨਦੀਪ ਕੌਰ ਹਾਜ਼ਰ ਸਨ।