ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਗੁਰਦੇਵ ਰੁਪਾਣਾ ਨੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਵਿਦਿਆਰਥੀਆਂ ਨਾਲ਼ ਕੀਤੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ
,
ਮਲੋਟ :-ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪੰਜਾਬੀ ਵਿਭਾਗ ਵੱਲੋਂ ਅੱਜ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਇਸ ਸਾਲ ਪੰਜਾਬੀ ਜ਼ੁਬਾਨ ਲਈ ਆਪਣੇ ਕਹਾਣੀ ਸੰਗ੍ਰਹਿ 'ਆਮ-ਖ਼ਾਸ' ਲਈ ਪੁਰਸਕਾਰ ਜੇਤੂ ਸਾਹਿਤਕਾਰ ਗੁਰਦੇਵ ਰੁਪਾਣਾ ਨਾਲ ਉਹਨਾਂ ਦੇ ਗ੍ਰਹਿ ਵਿਖੇ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਦੀ ਰਹਿਨੁਮਾਈ ਵਿੱਚ ਮੁਲਾਕਾਤ ਕੀਤੀ ਗਈ । ਪੰਜਾਬੀ ਵਿਭਾਗ ਦੇ ਮੁਖੀ ਧਰਮਵੀਰ, ਪ੍ਰੋ ਰਮਨਦੀਪ ਕੌਰ, ਪ੍ਰੋ ਰਿਸ਼ੀ ਹਿਰਦੇਪਾਲ, ਪ੍ਰੋ ਗੁਰਬਿੰਦਰ ਸਿੰਘ, ਪ੍ਰੋ ਸ਼ਰਨਜੀਤ ਕੌਰ, ਪ੍ਰੋ ਹਰਵਿੰਦਰ ਕੌਰ ਅਤੇ ਕਾਲਜ ਦੇ ਵਿਦਿਆਰਥੀ ਇਸ ਮੌਕੇ ਗੁਰਦੇਵ ਰੁਪਾਣਾ ਦੇ ਘਰ ਪਹੁੰਚੇ, ਜਿੱਥੇ ਉਹਨਾਂ ਨੇ ਗੁਰਦੇਵ ਰੁਪਾਣਾ ਦਾ ਸਨਮਾਨ ਕੀਤਾ । ਗੁਰਦੇਵ ਰੁਪਾਣਾ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੀ ਦਿੱਲੀ ਵਿੱਚ ਬੀਤਾਏ ਜ਼ਿੰਦਗੀ ਦੇ 50 ਸਾਲਾਂ , ਆਪਣੀ ਸਿਰਜਣ ਪ੍ਰਕਿਰਿਆ, ਕਹਾਣੀਆਂ ਅਤੇ ਨਾਵਲਾਂ ਬਾਰੇ ਚਰਚਾ ਕੀਤੀ ।
ਗੁਰਦੇਵ ਰੁਪਾਣਾ ਨੇ ਵਿਦਿਆਰਥੀਆਂ ਨੂੰ ਲਿਖਣ ਪ੍ਰਕਿਰਿਆ ਦੇ ਲੁਕਵੇਂ ਭੇਦਾਂ ਬਾਰੇ ਜਾਣੂੰ ਕਰਵਾਇਆ । ਵਿਦਿਆਰਥੀਆਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਗੁਰਦੇਵ ਰੁਪਾਣਾ ਨੇ ਪ੍ਰੋ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ ਵਰਗੇ ਸਾਹਿਤਕਾਰਾਂ ਨੂੰ ਯਾਦ ਕੀਤਾ । ਉਹਨਾਂ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਸਾਹਿਤ ਲਿਖਣ ਲਈ ਉਤਸ਼ਾਹ ਮਿਲਿਆ । ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਗੁਰਦੇਵ ਰੁਪਾਣਾ ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜੇ ਜਾਣ ਨਾਲ ਇਲਾਕੇ ਦਾ ਮਾਣ ਵਧਿਆ ਹੈ ਤੇ ਕਾਲਜ ਦੇ ਪੰਜਾਬੀ ਵਿਭਾਗ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਘਰ ਜਾ ਕੇ ਸਨਮਾਨਿਤ ਕਰਨਾ ਸ਼ੁੱਭ ਕਾਰਜ ਹੈ ।