ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ 17 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਰ ਦਿਵਸ ਅਤੇ 7 ਜਨਵਰੀ ਨੂੰ ਸੂਬਾਈ ਰੈਲੀ ਕਰਨ ਦਾ ਲਿਆ ਫੈਂਸਲਾ
ਮਲੋਟ: ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੀ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ (ਲੁਧਿਆਣਾ) ਵਿਖੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਸੂਬਾ ਕਾਰਜਕਾਰਨੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਆਸ਼ਾ ਵਰਕਰਾਂ, ਆਸ਼ਾ ਫੈਸੀਲੇਟਰਾਂ, ਮਿਡ ਡੇ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਵੱਖ-ਵੱਖ ਵਿਭਾਗਾਂ ਤੇ ਬੋਰਡਾਂ ਵਿੱਚ ਕੰਪਨੀਆਂ ਵੱਲੋਂ ਭਰਤੀ ਕੀਤੇ ਗਏ ਆਊਟਸੋਰਸਿੰਗ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਬੰਦ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀਆਂ ਮੁੱਖ ਮੰਗਾਂ ਨੂੰ ਲੈ ਕੇ 25 ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਐਕਸ਼ਨ ਪ੍ਰੋਗਰਾਮ ਕੀਤੇ ਜਾਣ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣ ਦਾ ਫੈਂਸਲਾ ਲਿਆ ਗਿਆ। ਇਸ ਮੀਟਿੰਗ ਦੌਰਾਨ ਪੰਜਾਬ ਪੈਨਸ਼ਨਰ ਯੂਨੀਅਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਕੇ ਐਕਸ਼ਨ ਲੈਣ ਅਤੇ 7 ਜਨਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਸੂਬਾਈ ਰੈਲੀ ਕਰਨ ਦਾ ਫੈਂਸਲਾ ਲਿਆ। ਇਸ ਰੈਲੀ ਦੀ ਤਿਆਰੀ ਲਈ 26 ਦਸੰਬਰ ਨੂੰ ਲੁਧਿਆਣਾ ਵਿਖੇ ਸੂਬਾ ਕਾਰਜਕਾਰਨੀ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਸੁਖਜੀਤ ਸਿੰਘ ਆਲਮਵਾਲਾ,ਸੀਤਾ ਰਾਮ ਸ਼ਰਮਾ, ਨਛੱਤਰ ਸਿੰਘ ਭਾਣਾ, ਹਰਵਿੰਦਰ ਸ਼ਰਮਾ ਫ਼ਰੀਦਕੋਟ, ਕਾਰਜ ਸਿੰਘ ਕੈਰੋਂ, ਆਸ਼ਾ ਵਰਕਰ ਆਗੂ ਬਲਵੀਰ ਕੌਰ ਗਿੱਲ, ਸੁਖਵਿੰਦਰ ਕੌਰ ਸੁੱਖੀ ਮਾਨਸਾ, ਛਿੰਦਰਪਾਲ ਕੌਰ ਝੱਖੜਵਾਲਾ , ਰਾਜ ਕੁਮਾਰ ਰੰਗਾ ਮਾਨਸਾ, ਸੁਰਿੰਦਰ ਸਿੰਘ ਬੈਂਸ ਲੁਧਿਆਣਾ, ਰਣਦੀਪ ਸਿੰਘ ਅਤੇ ਜਸਵਿੰਦਰ ਸਿੰਘ ਫਤਹਿਗੜ੍ਹ ਸਾਹਿਬ ਅਤੇ ਹੋਰ ਮੈਂਬਰ ਸ਼ਾਮਿਲ ਹੋਏ। Author: Malout Live