ਡੇਂਗੂ ਤੋਂ ਬਚਾਅ ਲਈ ਬਲਾਕ ਲੰਬੀ ਦੇ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ
ਮਲੋਟ: ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਲੰਬੀ ਬਲਾਕ ਦੇ ਵੱਖ-ਵੱਖ ਪਿੰਡਾਂ, ਸਿਹਤ ਕੇਂਦਰਾਂ ਅਤੇ ਸਕੂਲਾਂ ਵਿਖੇ ਡੇਂਗੂ ਬੁਖਾਰ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਵਿੱਚ ਡੇਂਗੂ ਬੁਖਾਰ ਦੇ ਕੇਸਾਂ ਵਿੱਚ ਵਾਧਾ ਹੋਣ ਕਾਰਨ ਲੋਕਾਂ ਨੂੰ ਡੇਂਗੂ ਬੁਖਾਰ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕਰਨ ਲਈ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਗਈ ਹੈ।
ਇਸ ਮੁਹਿੰਮ ਤਹਿਤ ਅੱਜ ਪਿੰਡ ਫਰੀਦਕੇਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਾਣਕਾਰੀ ਦਿੰਦਿਆਂ ਮਲਟੀਪਰਪਜ ਹੈੱਲਥ ਵਰਕਰ ਮੇਲ ਪਲਵਿੰਦਰ ਸਿੰਘ ਅਤੇ ਏ.ਐੱਨ.ਐੱਮ ਕਮਲੇਸ਼ ਰਾਣੀ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਇਸ ਲਈ ਕੂਲਰਾਂ, ਗਮਲਿਆਂ, ਫਰਿੱਜ਼ਾਂ ਦੀਆਂ ਟਰੇਆਂ ਆਦਿ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਜਰੂਰ ਸੁਕਾਉਣਾ ਚਾਹੀਦਾ ਹੈ। ਸਰੀਰ ਨੂੰ ਢੱਕ ਕੇ ਰੱਖਣ, ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨ ਆਦਿ ਤਰੀਕੇ ਵਰਤ ਕੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨਾਲ ਮਿਲ ਕੇ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। Author: Malout Live