‘ਆਪ’ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ 23 ਦਸੰਬਰ ਨੂੰ ਹਲਕਾ ਵਿਧਾਇਕ ਦਫਤਰ ਅੱਗੇ ਫੂਕੀ ਜਾਵੇਗੀ ਸਰਕਾਰ ਦੀ ਅਰਥੀ

‘ਆਪ’ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ 23 ਦਸੰਬਰ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਫੂਕੀ ਜਾਵੇਗੀ ਸਰਕਾਰ ਦੀ ਅਰਥੀ

ਮਲੋਟ: ਕੌਮੀ ਸਿਹਤ ਮਿਸ਼ਨ (ਐੱਨ.ਐੱਚ.ਐੱਮ) ਬਲਾਕ ਮਲੋਟ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਉਂਦਿਆਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਬਲਾਕ ਮਲੋਟ ਦੇ ਐੱਨ.ਐੱਚ.ਐੱਮ ਕਰਮਚਾਰੀਆਂ ਨੇ ਅੱਜ ਕਾਲੇ ਰੀਬਨ ਲਗਾ ਕੇ ਰੋਸ ਵਜੋਂ ਕੰਮ ਕੀਤਾ ਅਤੇ ਬਾਅਦ ਦੁਪਹਿਰ ਦੋ ਘੰਟੇ ਕੰਮ ਬੰਦ ਕਰਦੇ ਹੋਏ ਸੰਘਰਸ਼ ਨੂੰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਐੱਨ.ਐੱਚ.ਐੱਮ ਤਹਿਤ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਕੋਵਿਡ-19 ਦੌਰਾਨ ਦਿੱਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲ ਦੇ ਅਧਾਰ ‘ਤੇ ਰੈਗੂਲਰ ਕੀਤਾ ਜਾਵੇਗਾ ਪਰ ਹੁਣ ਸਰਕਾਰ ਬਣੀ ਨੂੰ 8 ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ ਲੇਕਿਨ ‘ਆਪ’ ਸਰਕਾਰ ਨੇ ਐੱਨ.ਐੱਚ.ਐਮ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਹੈ। ਜਿਸ ਕਾਰਨ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਨ.ਐੱਚ.ਐੱਮ ਇੰਪਲਾਈਜ ਯੂਨੀਅਨ ਬਲਾਕ ਦੇ ਪ੍ਰਧਾਨ ਹਰਜੀਤ ਕੌਰ ਨੇ ਦੱਸਿਆ ਕਿ ਐੱਨ.ਐੱਚ.ਐੱਮ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤਹਿਤ ਸਿਹਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਲੇਕਿਨ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਵੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਮੂਹ ਐੱਨ.ਐੱਚ.ਐੱਮ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕਰੇ ਸੰਘਰਸ਼ ਦੇ ਉਲੀਕੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਐੱਨ.ਐੱਚ.ਐੱਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਕਿ 23 ਦਸੰਬਰ ਨੂੰ ਅੱਧਾ ਦਿਨ ਕੰਮ ਬੰਦ ਕਰਕੇ ਐੱਨ.ਐੱਚ.ਐੱਮ ਮੁਲਾਜ਼ਮਾਂ ਵੱਲੋਂ ਡੀ.ਸੀ ਜਾਂ ਵਿਧਾਇਕ ਦੇ ਦਫਤਰ ਮੂਹਰੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਜਨਵਰੀ ਦੇ ਪਹਿਲੇ ਹਫਤੇ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਇਸ ਮੌਕੇ ਵੀਰਪਾਲ ਕੌਰ, ਰਮਨਦੀਪ, ਤੇਜਵੰਤ ਕੌਰ, ਰਮਨ, ਰੇਨੂੰ, ਸਟਾਫ ਨਰਸ ਜਸਵੀਰ ਕੌਰ, ਬੇਅੰਤ, ਜਗਦੀਪ, ਅਮਨ ਅਤੇ ਪੂਜਾ ਰਾਣੀ ਆਈ.ਏ ਹਾਜ਼ਿਰ ਸਨ।

Author: Malout Live