ਕਰਜ਼ੇ ਦੇ ਸਤਾਏ ਕਿਸਾਨਾਂ ਦਾ ਸਰਕਾਰ ਤੇ ਬੈਂਕਾਂ ਖਿਲਾਫ ਫੁੱਟਿਆ ਗੁੱਸਾ

ਬਠਿੰਡਾ :- ਕੀਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਬਠਿੰਡਾ ਦੇ ਭੁਚੋ ਖੁਰਦ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਕ ਕਿਸਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਉਨ੍ਹਾਂ ਦਾ ਵੀ 50 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਕਿਸਾਨ ਨੇ ਕਿਹਾ ਉਸ ਨੇ ਬੈਂਕ ਤੋਂ 50 ਹਜ਼ਾਰ ਦਾ ਕਰਜ਼ਾ ਲੈ ਲਿਆ ਪਰ ਉਸ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਕਿਸਾਨ ਨੇ ਅੱਗੇ ਦੱਸਿਆ ਕਿ ਬੈਂਕ ਨੇ ਕਰਜ਼ਾ ਦਿੰਦੇ ਸਮੇਂ ਖਾਲ੍ਹੀ ਚੈੱਕ ਲਏ ਸਨ ਅਤੇ ਹੁਣ ਬੈਂਕ ਉਨ੍ਹਾਂ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਕਰਜ਼ਾ ਮੋੜਨ ਦਾ ਦਬਾਅ ਬਣਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭੁਚੋ ਖੁਰਦ ਦੇ 15 ਦੇ ਕਰੀਬ ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ।ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮੁਤਾਬਕ ਬੈਂਕ ਅਧਿਕਾਰੀ ਕਿਸਾਨਾਂ 'ਤੇ 420 ਦਾ ਮਾਮਲਾ ਦਰਜ ਕਰਾਉਣਾ ਚਾਹੁੰਦੇ ਹਨ, ਜਿਸ ਕਾਰਨ ਬੈਂਕਾਂ ਵੱਲੋਂ ਕਿਸਾਨਾਂ ਨੂੰ ਖਾਲ੍ਹੀ ਚੈੱਕ ਵਾਪਸ ਨਹੀਂ ਕੀਤੇ ਜਾ ਰਹੇ। ਕਿਸਾਨਾਂ ਨੇ ਕਿਹਾ ਕਿਹਾ ਕਿ ਹਾਈਕੋਰਟ ਦੀਆਂ ਹਦਾਇਤਾਂ ਹਨ ਕਿ ਜਿਨ੍ਹਾਂ ਲੋਕਾਂ ਕੋਲੋਂ ਬੈਂਕਾਂ ਨੇ ਖਾਲ੍ਹੀ ਚੈੱਕ ਲਏ ਹਨ ਉਨ੍ਹਾਂ ਨੂੰ ਵਾਪਸ ਕੀਤੇ ਜਾਣ ਪਰ ਬੈਂਕ ਆਪਣੀ ਮਨਮਰਜੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਚੈੱਕ ਵਾਪਸ ਨਾ ਕੀਤੇ ਗਏ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।