ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਅੱਜ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬੂਟੇ ਲਗਾਏ ਗਏ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਨੇ ਹਮੇਸ਼ਾਂ ਦੀ ਤਰ੍ਹਾਂ ਆਪਣੇ ਸਮਾਜਿਕ ਫ਼ਰਜ਼ ਨੂੰ ਨਿਭਾਉਂਦਿਆਂ ਇਹ ਕਾਰਜ ਕੀਤਾ ਹੈ। ਇਸ ਨਾਲ ਸਾਡੇ ਵਿਦਿਆਰਥੀਆਂ ਨੂੰ ਵੀ ਸਮਾਜਿਕ ਸੇਧ ਹਾਸਿਲ ਹੋਵੇਗੀ ਅਤੇ ਉਹ ਅੱਗੇ ਤੋਂ ਵੱਧ-ਚੜ੍ਹ ਕੇ ਅਜਿਹੇ ਕਾਰਜਾਂ ਵਿੱਚ ਸ਼ਿਰਕਤ ਕਰਨਗੇ।
ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਕਿਹਾ ਕਿ ਅਸੀਂ ਹਰ ਸਾਲ ਅਜਿਹਾ ਹੀ ਅਹਿਦ ਕਰਦੇ ਹਾਂ, ਨਾ ਸਿਰਫ਼ ਅਸੀਂ ਬੂਟੇ ਲਗਾਉਂਦੇ ਹਾਂ ਸਗੋਂ ਉਨ੍ਹਾਂ ਨੂੰ ਸੰਭਾਲਦੇ-ਪਾਲਦੇ ਵੀ ਹਾਂ। ਉਨ੍ਹਾਂ ਕਿਹਾ ਅਸੀਂ ਗੁਰਬਾਣੀ ਦੇ ਅਕੀਦਿਆਂ ਉੱਤੇ ਚੱਲਦੇ ਹਾਂ, ਸਰਬਤ ਦਾ ਭਲਾ ਲੋਚਦੇ ਹਾਂ ਤੇ ਇਸੇ ਤਹਿਤ ਇਹ ਸਭ ਕਾਰਜ ਕਰਦੇ ਹਾਂ ਜਿਸ ਨਾਲ ਪੂਰੀ ਲੋਕਾਈ ਦਾ ਭਲਾ ਹੋਵੇ। ਇਸ ਮੌਕੇ ਕਾਲਜ ਮੈਨੇਜਮੈਂਟ ਦੇ ਸਕੱਤਰ ਪਿਰਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਰਹੇ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਇਸ ਨੇਕ, ਸਮਾਜਿਕ ਕਾਰਜ ਲਈ ਸਮੂਹ ਮੈਨੇਜਮੈਂਟ ਦਾ ਧੰਨਵਾਦ ਕੀਤਾ। Author: Malout Live