ਹੈਪੀ ਸੀਡਰ ਨਾਲ ਕੀਤੀ ਕਣਕ ਦੀ ਖੇਤੀ ਬਹੁਤ ਲਾਹੇਵੰਦ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਹੈਪੀ ਸੀਡਰ ਵਰਗੀਆਂ ਸੁਧਰੀਆਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕੀਤੀ ਸੀ, ਉਨ੍ਹਾਂ ਦੀ ਕਣਕ ਦੀ ਮੁੱਢਲੀ ਬਢਵਾਰ ਹੋਰਨਾਂ ਕਿਸਾਨਾਂ ਲਈ ਪ੍ਰੇਰਿਕ ਬਣ ਰਹੀ ਹੈ, ਅਜਿਹਾ ਹੀ ਇੱਕ ਕਿਸਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ ਦੇ ਪਿੰਡ ਦੂਹੇਵਾਲਾ ਦਾ ਅਮਰੀਕ ਸਿੰਘ ਪੁੱਤਰ ਰਜਿੰਦਰ ਸਿੰਘ ਹੈ, ਜਿਸਨੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਹੁਣ ਉਸਦੀ ਕਣਕ ਉੱਘਰ ਆਈ ਹੈ ਤੇ ਪੂਰੇ ਖੇਤ ਵਿੱਚ ਹਰਿਆਵਲ ਦਿੱਖਣ ਲੱਗੀ ਹੈ ਅਤੇ ਕਣਕ ਦੀ ਚੰਗੀ ਖੜ੍ਹੀ ਫ਼ਸਲ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਉਹ ਵੀ ਅਜਿਹੇ ਤਰੀਕਿਆਂ ਨੂੰ ਅਪਣਾ ਸਕਦੇ ਹਨ, ਕਿਉਂਕਿ ਇਹ ਤਰੀਕੇ ਪੂਰੀ ਤਰ੍ਹਾਂ ਨਾਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹਨ ਅਤੇ ਇਨ੍ਹਾਂ ਤਰੀਕਿਆਂ ਰਾਹੀਂ ਕਣਕ ਦੀ ਬਿਜਾਈ ਕਰਨ ਨਾਲ ਕਿਸਾਨ ਦੀ ਫ਼ਸਲ ਦੇ ਉਤਪਾਦਨ ਤੇ ਕੋਈ ਅਸਰ ਨਹੀਂ ਪੈਂਦਾ।

ਕਿਸਾਨ ਵੱਲੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸੰਬੰਧੀ ਜਾਣਕਾਰੀ ਦਿੰਦਿਆ ਗਿਆ ਕਿ ਇਸ ਤਕਨੀਕ ਨਾਲ ਉਸਨੇ 23 ਏਕੜ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਜੋ ਕਿ ਬਹੁਤ ਲਾਹੇਵੰਦ ਹੈ, ਇੱਕ ਏਕੜ ਵਿੱਚ ਸਿਰਫ਼ 3-4 ਲੀਟਰ ਡੀਜ਼ਲ ਦਾ ਖਰਚ ਆਉਂਦਾ ਹੈ, ਪਰਾਲੀ ਨੂੰ ਅੱਗ ਵੀ ਨਹੀਂ ਲਗਾਉਣੀ ਪੈਂਦੀ ਸਗੋਂ ਪਰਾਲੀ ਨੂੰ ਖਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਮੌਕੇ ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਫਾਇਦਾ ਨਹੀਂ ਸਗੋਂ ਵਾਤਾਵਰਣ ਨੂੰ ਗੰਧਲਾ ਕਰਕੇ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਉਸਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਸਰਕਾਰ ਵੱਲੋਂ ਪਰਾਲੀ ਦੇ ਸਹੀ ਪ੍ਰਬੰਧਨ ਸੰਬੰਧੀ ਜੋ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਲਾਹਾ ਲਿਆ ਜਾਵੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਦੂਸਰੇ ਕਿਸਾਨਾਂ ਨੂੰ ਵੀ ਅਮਰੀਕ ਸਿੰਘ ਤੋਂ ਸੇਧ ਲੈ ਕੇ ਵਾਤਾਵਰਣ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। Author: Malout Live