ਪੀਣ ਵਾਲੇ ਪਾਣੀ ਨੂੰ ਤਰਸੇ ਪੰਨੀਵਾਲਾ ਫੱਤਾ ਦੇ ਲੋਕ ਜਾਣਕਾਰੀ ਦਿੰਦਾ ਹੋਇਆ ਪੰਚਾਇਤ ਵੱਲੋਂ ਰੱਖਿਆ ਮੁਲਾਜਮ

ਮਲੋਟ (ਬਲਕਰਨ ਸਿੰਘ ਪੰਨੀਵਾਲਾ): ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਨੀਵਾਲਾ ਫੱਤਾ ਦੇ ਲੋਕ ਵਾਟਰ ਸਪਲਾਈ ਮਹਿਕਮੇ ਤੋਂ ਡਾਢੇ ਦੁਖੀ ਹਨ। ਪਿੰਡ ਵਿੱਚ ਸੰਨ 1980 ਵਿੱਚ ਬਣਿਆ ਵਾਟਰ ਵਰਕਸ ਸਾਰੇ ਪਿੰਡ ਨੂੰ ਸਪਲਾਈ ਦਿੰਦਾ ਸੀ ਸਮਾਂ ਬੀਤਣ ਨਾਲ ਅਤੇ ਪਿੰਡ ਦੀ ਆਬਾਦੀ ਵੱਧਣ ਕਾਰਨ 2015 ਵਿੱਚ ਬਾਦਲ ਸਰਕਾਰ ਨੇ ਇੱਕ ਹੋਰ ਵਾਟਰ ਵਰਕਸ ਪਿੰਡ ਵਿੱਚ ਬਣਾ ਦਿੱਤਾ। ਪੁਰਾਣੇ ਵਾਟਰ ਵਰਕਸ ਤੇ 350 ਕੁਨੈਕਸ਼ਨ ਹਨ ਅਤੇ ਪਾਣੀ ਦੀ ਭਾਰੀ ਕਮੀ ਹੈ ਜਦੋਂ ਕਿ ਰੂਲਜ਼ ਮਤਾਬਿਕ ਹਰ ਰੋਜ਼ ਦੋ ਘੰਟੇ ਪਾਣੀ ਮਿਲਣਾ ਜ਼ਰੂਰੀ ਹੁੰਦਾ ਹੈ। ਵਾਟਰ ਵਰਕਸ ਨੂੰ ਕੁੰਢਲ ਮਾਈਨਰ ਚੋਂ ਪਾਈਪ ਪਾ ਕੇ ਪਾਣੀ ਦਿੱਤਾ ਗਿਆ ਸੀ, ਪਰ ਦਰੱਖਤਾਂ ਦੀਆਂ ਜੜ੍ਹਾਂ ਕਾਰਨ ਸਾਰੀ ਪਾਈਪ ਟੁੱਟ ਭੱਜ ਗਈ। ਜਿਸ ਦੌਰਾਨ ਲੋਕਾਂ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਪਲਾਸਟਿਕ ਦੀ ਪਾਈਪ ਪਾ ਦਿੱਤੀ।

ਪਰ ਇਹ ਵੀ ਬੰਦ ਹੋਣ ਕਾਰਨ ਪਾਣੀ ਨਹੀਂ ਕੱਢ ਰਹੀ ਅਤੇ ਲੋਕ ਪਾਣੀ ਬਿਨਾਂ ਪਿਆਸੇ ਹੋ ਰਹੇ ਹਨ। ਇਸ ਬਾਬਤ ਵਾਟਰ ਸਪਲਾਈ ਦੇ ਟੋਲ ਫ੍ਰੀ ਨੰਬਰ ਅਤੇ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਨੰਬਰ 1100 ਤੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਮਹਿਕਮੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਪਾਣੀ ਸਪਲਾਈ ਵੱਲ ਕੋਈ ਧਿਆਨ ਨਹੀਂ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਵਾਟਰ ਵਰਕਸ ਲਈ ਗਰਾਂਟ ਜਾਰੀ ਕੀਤੀ ਜਾਵੇ ਅਤੇ ਟਿਊਬਵੈੱਲ ਲਗਾ ਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਨਹਿਰੀ ਬੰਦੀ ਆਉਣ ਤੇ ਵੀ ਪਾਣੀ ਮਿਲ ਸਕੇ। ਵਾਟਰ ਵਰਕਸ ਵਿੱਚ ਪਾਣੀ ਫਿਲਟਰ ਕਰਨ ਲਈ ਮਟੀਰੀਅਲ ਵੀ ਨਹੀਂ ਹੈ ਅਤੇ ਬਿਨਾਂ ਫਿਲਟਰ ਕੀਤੇ ਹੀ ਨਾ ਮਾਤਰ ਪਾਣੀ ਘਰਾਂ ਨੂੰ ਮਿਲ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਸਰਕਾਰ ਵਾਟਰ ਵਰਕਸ ਨੂੰ ਆਪਣੇ ਹੱਥ ਵਿੱਚ ਲੈ ਕੇ ਸਹੀ ਤਰੀਕੇ ਨਾਲ ਚਲਾਵੇ। Author: Malout Live