ਜੀ.ਓ.ਜੀ ਕਰੋਨਾ ਪ੍ਰਤੀ ਅਫਵਾਹਾਂ ਤੋਂ ਪਿੰਡ ਵਾਸੀਆਂ ਨੂੰ ਕਰਨਗੇ ਸੁਚੇਤ

ਮਲੋਟ, 19 ਮਾਰਚ (ਆਰਤੀ ਕਮਲ) : ਇਸ ਵਕਤ ਪੂਰੀ ਦੁਨੀਆ ਕਰੋਨਾ ਵਾਇਰਸ ਤੋਂ ਪਰੇਸ਼ਾਨ ਹੈ ਅਤੇ ਜਿਥੇ ਇਸਦਾ ਇਲਾਜ ਲੱਭਣ ਲਈ ਵਿਗਿਆਨੀ ਦਿਨ ਰਾਤ ਇਕ ਕਰ ਰਹੇ ਹਨ ਉਥੇ ਹੀ ਦੁਨੀਆ ਭਰ ਦੇ ਸਿਹਤ ਕਰਮਚਾਰੀ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉ ਲਈ ਜਰੂਰੀ ਸਾਵਧਾਨੀਆਂ ਪ੍ਰਤੀ ਜਾਗਰੂਕ ਕਰ ਰਹੇ ਹਨ । ਭਾਰਤ ਵਿਚ ਵੀ ਕਰੋਨਾ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਸੂਬੇ ਅੰਦਰ ਸਥਿਤੀ ਕਾਫੀ ਬਿਹਤਰ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀ.ਓ.ਜੀ ਤਹਿਸੀਲ ਮਲੋਟ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਤਹਿਸੀਲ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਅਣਪੜਤਾ ਕਰਕੇ ਲੋਕ ਲਗਾਤਾਰ ਅਫਵਾਹਾਂ ਵਾਲੇ ਸੰਦੇਸ਼ ਫੈਲਾ ਰਹੇ ਹਨ ਜਿਸ ਕਰਕੇ ਅਣਚਾਹੇ ਡਰ ਤੋਂ ਲੋਕ ਪਰੇਸ਼ਾਨ ਹੋ ਰਹੇ ਹਨ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੀ.ਓ.ਜੀ ਆਪਣੇ ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੁਆਰਾ ਜਾਰੀ ਹਿਦਾਇਤਾਂ ਅਨੁਸਾਰ ਜਾਗਰੂਕ ਕਰਨ ਅਤੇ ਚਲ ਰਹੀਆਂ ਬੇਬੁਨਿਆਦਿ ਅਫਵਾਹਾਂ ਤੋਂ ਸੁਚੇਤ ਕਰਨ । ਜੀ.ਓ.ਜੀ ਲੋਕਾਂ ਨੂੰ ਦੱਸਣ ਕਿ ਕਰੋਨਾ ਤੋਂ ਡਰਨ ਦੀ ਨਹੀ ਬਲਕਿ ਚੇਤੰਨ ਹੋਣ ਦੀ ਲੋੜ ਹੈ ਜਿਸ ਨਾਲ ਲੋਕ ਖੁਦ ਨੂੰ ਵੀ ਸੁਰੱਖਿਅਤ ਕਰ ਸਕਦੇ ਹਨ ਅਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਵੀ ਸਹਾਈ ਹੋ ਸਕਦੇ ਹਨ । ਇਸ ਮੌਕੇ ਤਹਿਸੀਲ ਇੰਚਾਰਜ ਵੱਲੋਂ ਜੀ.ਓ.ਜੀ ਨੂੰ ਸਿਹਤ ਵਿਭਾਗ ਵੱਲੋਂ ਕਰੋਨਾ ਤੋਂ ਬਚਾਉ ਸਬੰਧੀ ਜਾਰੀ ਹਿਦਾਇਤਾਂ ਦੀਆਂ ਕਾਪੀਆਂ ਵੀ ਦਿੱਤੀਆਂ ਤਾਂ ਜੋ ਜੀ.ਓ.ਜੀ ਆਪਣੇ ਪਿੰਡਾਂ ਵਿਚ ਲੋਕਾਂ ਨੂੰ ਸਹੀ ਅਤੇ ਪੁਖਤਾ ਜਾਣਕਾਰੀ ਦੇ ਸਕਣ । ਜੀ.ਓ.ਜੀ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਦੀ ਸਿਹਤ ਦੀ ਰਾਖੀ ਲਈ ਪੂਰੀ ਚਿੰਤਤ ਅਤੇ ਕਰੋਨਾ ਤੋਂ ਬਚਾਉ ਲਈ ਲਗਾਤਾਰ ਯਤਨਸ਼ੀਲ ਹੈ ਪਰ ਅਸਲ ਯੋਗਦਾਨ ਸੂਬੇ ਦੇ ਲੋਕਾਂ ਨੇ ਖੁਦ ਪਾਉਣਾ ਹੈ ਜਿਸ ਕਰਕੇ ਨੌਜਵਾਨ ਕੋਈ ਵੀ ਸੰਦੇਸ਼ ਬਿਨਾ ਪੜਤਾਲੇ ਅੱਗੇ ਨਾ ਫਲਾਉਣ ਅਤੇ ਹਰ ਪੰਜਾਬੀ ਮਾਨਵਤਾ ਦੀ ਰਾਖੀ ਲਈ ਜਾਰੀ ਇਸ ਲੜਾਈ ਵਿਚ ਬਣਦਾ ਯੋਗਦਾਨ ਪਾਵੇ । ਇਸ ਮੌਕੇ ਜੀਓਜੀ ਤਰਸੇਮ ਸਿੰਘ ਲੰਬੀ, ਗੁਰਸੇਵਕ ਸਿੰਘ ਅਬੁਲਖੁਰਾਣਾ, ਸਿਰਤਾਜ ਸਿੰਘ ਸ਼ਾਮਖੇੜਾ, ਦਰਸ਼ਨ ਸਿੰਘ ਕੱਟਿਆਂਵਾਲੀ, ਇਕਬਾਲ ਸਿੰਘ ਅਰਨੀਵਾਲਾ ਅਤੇ ਕੈਪਟਨ ਹਰਜਿੰਦਰ ਸਿੰਘ ਆਦਿ ਹਾਜਰ ਸਨ ।