ਮਿਸ਼ਨ ਫਤਿਹ ਤਹਿਤ ਜਿ਼ਲ੍ਹੇ ਦੇ ਲੋਕਾਂ ਨੂੰ ਕੀਤਾ ਜਾਵੇ ਵੱਧ ਤੋਂ ਵੱਧ ਜਾਗਰੂਕ- ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ :- ਮਿਸ਼ਨ ਫਤਿਹ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਇੱਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੋਵਿਡ 19 ਦੇ ਪ੍ਰਕੋਪ ਨੂੰ ਖਤਮ ਕਰਨ ਦੇ ਮੰਤਵ ਨਾਲ ਮਿਸ਼ਨ ਫਤਿਹ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਘਰ ਘਰ ਪਹੁੰਚਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਮਿਸ਼ਨ ਫਤਿਹ ਦਾ ਮੁੱਖ ਮੰਤਵ ਲੋਕਾਂ ਨੂੰ ਇਸ ਵਾਇਰਸ ਦੇ ਬਚਾਓ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਉਹਨਾਂ ਇਹ ਗੱਲ ਜੋ਼ਰ ਦੇ ਕੇ ਆਖੀ ਕੇ ਕਿਉਂ ਜੋ ਇਸ ਵਾਇਰਸ ਦਾ ਹਾਲ ਦੀ ਘੜੀ ਕੋਈ ਇਲਾਜ ਨਹੀਂ ਹੈ, ਇਸ ਲਈ ਉਚਿਤ ਦੂਰੀ, ਵਾਰ ਵਾਰ ਹੱਥ ਧੋਣਾ, ਮੂੰਹ ਤੇ ਮਾਸਕ ਪਾਉਣਾ, ਇਕੱਠ ਨਾ ਕਰਨਾ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਹੀ ਬਚਾਓ ਹੈ। ਮੀਟਿੰਗ ਵਿੱਚ ਬੋਲਦਿਆ ਸ੍ਰੀ ਸੰਦੀਪ ਕੁਮਾਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਨੇ ਦੱਸਿਆ ਕਿ ਸਮਾਜਿਕ ਦੂਰੀ ਰੱਖਦਿਆ ਹਰ ਵਿਭਾਗ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਵਾਇਰਸ ਸਬੰਧੀ ਜਾਗਰੂਕ ਕਰੇਗਾ ਅਤੇ ਆਪਣੀ ਰੋਜ਼ਾਨਾ ਦੀ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਨੂੰ ਦੇਵੇਗਾ। ਉਹਨਾਂ ਦੁਹਰਾਇਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਬਚਣ ਲਈ ਸ਼ੱਕੀ ਮਰੀਜਾਂ ਦੇ ਵੱਧ ਤੋਂ ਵੱਧ ਸੈਂਪਲ ਲਏ ਜਾਣ। ਉਹਨਾਂ ਜਿ਼ਲ੍ਹੇ ਦੀਆਂ ਨਗਰ ਕੌਸਲਾਂ ਨੂੰ ਹਦਾਇਤ ਕੀਤੀ ਕਿ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸ਼ਹਿਰਾਂ ਵਿੱਚ ਅਭਿਆਨ ਤੇਜ਼ ਕੀਤਾ ਜਾਵੇ ਅਤੇ ਸੈਨੀਟਾਈਜ਼ਰ ਦਾ ਛੜਕਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਖਿਲਾਫ ਮਿਸ਼ਨ ਨੂੰ ਫਤਿਹ ਕਰਨ ਲਈ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਦੱਸੇ ਗਏ ਨਿਰਦੇਸ਼ਾਂ ਦੀ ਵੱਧ ਤੋਂ ਵੱਧ ਪਾਲਣ ਕਾਰਨ ਅਤੇ ਜਨਤਕ ਸਥਾਨਾਂ ਤੇ ਹਮੇਸ਼ਾ ਆਪਣਾ ਮੂੰਹ ਮਾਸਕ ਜਾਂ ਕੱਪੜੇ ਨਾਲ ਢੱਕ ਕੇ ਰੱਖਣ ਅਤੇ ਸਾਬਣ ਨਾਲ ਹੱਥ ਧੋਂਦੇ ਰਹਿਣ ਅਤੇ ਸੈਨੀਟਾਈਜਰ ਦੀ ਵਰਤੋ ਕਰਦੇ ਰਹਿਣੇ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ੍ਰੀ ਐਚ.ਐਸ ਸਰਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਡਾ.ਹਰੀ ਨਰਾਇਣ ਸਿੰਘ ਸਿਵਿਲ ਸਰਜਨ ਅਤੇ ਜਿ਼ਲ੍ਹੇ ਦੇ ਐਸ.ਡੀ.ਐਮਜ ਵੀ ਹਾਜ਼ਰ ਸਨ।