ਔਰਤਾਂ ਦਾ ਅਪਮਾਨ ਕਰਨ ਵਾਲੇ ਬਿਜਲੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪਿੰਡ ਦੇ ਕਿਸਾਨਾਂ ਨੇ ਪੁਲਿਸ ਚੌਕੀ ਦੇ ਗੇਟ ਮੂਹਰੇ ਲਗਾਇਆ ਧਰਨਾ

ਭੁੱਚੋ ਮੰਡੀ- ਪਿਛਲੇ ਦਿਨੀਂ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਬਿਜਲੀ ਚੋਰੀ ਫੜਨ ਗਏ ਬਿਜਲੀ ਅਧਿਕਾਰੀਆਂ ਵਲੋਂ ਔਰਤਾਂ ਨੂੰ ਗਲਤ ਸ਼ਬਦ ਬੋਲਣ ਅਤੇ ਅਪਮਾਨ ਕਰਨ ਬਦਲੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪਿੰਡ ਦੇ ਸਮੂਹ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਦੀ ਅਗਵਾਈ 'ਚ ਪੁਲਿਸ ਚੌਕੀ ਦੇ ਗੇਟ ਮੂਹਰੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਨੇ ਦੱਸਿਆ ਕਿ 26 ਸਤੰਬਰ ਨੂੰ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਬਿਜਲੀ ਅਧਿਕਾਰੀਆਂ ਵਲੋਂ ਮਾਰੇ ਗਏ ਛਾਪੇ ਦੌਰਾਨ ਬਿਜਲੀ ਚੋਰੀ ਦਾ ਬਹਾਨਾ ਬਣਾ ਕੇ ਬਿਜਲੀ ਅਧਿਕਾਰੀ ਕੰਧ ਟੱਪ ਕੇ ਘਰਾਂ ਅੰਦਰ ਦਾਖ਼ਲ ਹੋ ਕੇ ਔਰਤਾਂ ਨੂੰ ਗ਼ਲਤ ਸ਼ਬਦ ਬੋਲਣ ਲੱਗੇ, ਜਿਸ ਤੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਅਗਵਾਈ ਵਿਚ ਬਿਜਲੀ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਤਾਂ ਬਿਜਲੀ ਅਧਿਕਾਰੀਆਂ ਨੇ ਲੋਕਾਂ ਦੇ ਇਕੱਠ ਵਿਚ ਲਿਖਤੀ ਤੌਰ 'ਤੇ ਮੁਆਫ਼ੀ ਮੰਗ ਕੇ ਅਤੇ ਕਿਸੇ ਵੀ ਮਜ਼ਦੂਰ ਜਾਂ ਕਿਸਾਨ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ, ਕਹਿ ਕੇ ਲੋਕਾਂ ਤੋਂ ਖਹਿੜਾ ਛੁਡਵਾ ਲਿਆ ਅਤੇ ਬਾਅਦ 'ਚ ਉਨ੍ਹਾਂ ਨੇ ਭੁੱਚੋ ਚੌਕੀ ਵਿਖੇ ਪਹੁੰਚ ਕੇ ਕਿਸਾਨਾਂ ਿਖ਼ਲਾਫ਼ ਪਰਚਾ ਦਰਜ ਕਰਵਾ ਦਿੱਤਾ । ਉਸੇ ਦਿਨ ਤੋਂ ਹੀ ਕਿਸਾਨਾਂ ਵਲੋਂ ਬਿਜਲੀ ਅਧਿਕਾਰੀਆਂ ਖ਼ਿਲਾਫ਼ ਔਰਤਾਂ ਦਾ ਅਪਮਾਨ ਕਰਨ ਬਦਲੇ ਕਾਰਵਾਈ ਕਰਨ ਲਈ ਚੌਕੀ ਇੰਚਾਰਜ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਚੌਕੀ ਇੰਚਾਰਜ ਵਲੋਂ ਕਾਰਵਾਈ ਕਰਨ ਦੀ ਬਜਾਏ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ, ਜਿਸ ਤੋਂ ਅੱਕੇ ਹੋਏ ਕਿਸਾਨਾਂ ਨੇ ਅੱਜ ਪੁਲਿਸ ਚੌਕੀ ਦੇ ਗੇਟ ਮੂਹਰੇ ਧਰਨਾ ਲਗਾਇਆ ਹੈ । ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜੋ ਅੱਜ ਮਿਹਨਤਕਸ਼ ਲੋਕਾਂ ਨਾਲ ਸਰਕਾਰਾਂ ਜਾਂ ਵੱਖ-ਵੱਖ ਮਹਿਕਮਿਆਂ ਵਲੋਂ ਜ਼ਬਰ ਅਤੇ ਧੱਕਾ ਕੀਤਾ ਜਾ ਰਿਹਾ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਬਿਜਲੀ ਅਧਿਕਾਰੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਕਿਸਾਨਾਂ 'ਤੇ ਪਾਇਆ ਝੂਠਾ ਕੇਸ ਰੱਦ ਕੀਤਾ ਜਾਵੇ । ਇਸ ਮੌਕੇ ਬਲਾਕ ਮੌੜ ਦੇ ਦਰਸ਼ਨ ਸਿੰਘ ਮਾਈਸਰਖਾਨਾ, ਬਲਜੀਤ ਸਿੰਘ ਪੂਹਲਾ, ਲਖਵੀਰ ਸਿੰਘ, ਸਿਮਰਜੀਤ ਸਿੰਘ, ਸੰਤੋਖ ਸਿੰਘ, ਗੁਰਜੰਟ ਸਿੰਘ, ਔਰਤ ਵਿੰਗ ਦੀ ਆਗੂ ਕਰਮਜੀਤ ਕੌਰ ਲਹਿਰਾਖਾਨਾ, ਸੁਖਜੀਤ ਕੌਰ, ਜਸਵੀਰ ਕੌਰ ਲਹਿਰਾ ਬੇਗਾ, ਕਰਮਜੀਤ ਕੌਰ ਲਹਿਰਾ ਬੇਗਾ ਆਦਿ ਨੇ ਸੰਬੋਧਨ ਕੀਤਾ । ਇਸ ਸਬੰਧ ਵਿਚ ਚੌਕੀ ਇੰਚਾਰਜ ਹਰਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਕੋਈ ਲਾਰੇ ਨਹੀਂ ਲਗਾਏ ਜਾ ਰਹੇ ਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।