ਬ੍ਰਿਸਬੇਨ 'ਚ 'ਟਰਬਨ ਫ਼ਾਰ ਆਸਟ੍ਰੇਲੀਆ' ਵਲੋਂ ਦਸਤਾਰ ਜਾਗਰੂਕਤਾ ਕੈਂਪ ਆਯੋਜਿਤ
ਬ੍ਰਿਸਬੇਨ:- ਪੰਜਾਬੀਆਂ ਦੇ ਸ਼ਾਨਾਮਤੀ ਵਿਰਸੇ ਨੂੰ ਪ੍ਰਫੁਲਿੱਤ ਕਰਨ ਅਤੇ ਅਜੋਕੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਹਿੱਤ 'ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ' ਦੇਸ਼ ਤੇ ਵਿਦੇਸ਼ ਵਿੱਚ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਨਿਰੰਤਰ ਕਾਰਜਸ਼ੀਲ ਹੈ। ਉਸੇ ਕੜੀ ਤਹਿਤ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਅਤੇ ਟਰਬਨ ਫ਼ਾਰ ਆਸਟ੍ਰੇਲੀਆ, ਮੀਰੀ ਪੀਰੀ ਗੱਤਕਾ ਅਖਾੜਾ ਅਤੇ ਸੰਗਤਾਂ ਦੇ ਸਾਂਝੇ ਯਤਨਾਂ ਸਦਕਾ ਬ੍ਰਿਸਬੇਨ ਸ਼ਹਿਰ ਦੇ ਕੁਈਨਜ਼ ਸਟਰੀਟ ਸਿਟੀ ਸੈਂਟਰ ਵਿਖੇ ਦਸਤਾਰ ਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਬੰਧਕ ਸ. ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਜਸਜੋਤ ਸਿੰਘ ਅਤੇ ਤੇਜਪਾਲ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ ਸਕੱਤਰ ਦੀ ਅਗਵਾਈ ਹੇਠ ਆਸਟ੍ਰੇਲੀਆਈ ਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।