ਟਰੇਡ ਯੂਨੀਅਨਾਂ ਨੇ ਹੜਤਾਲ ਕਰ ਕੇ ਕੀਤਾ ਰੋਸ ਪ੍ਰਦਰਸ਼ਨ
ਗਿੱਦੜਬਾਹਾ:- ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਟਰੇਡ ਯੂਨੀਅਨਾਂ/ਫੈਡਰੇਸ਼ਨਾਂ ਵਲੋਂ ਦਿੱਤੇ ਗਏ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਅੱਜ ਉੱਪ ਮੰਡਲ ਸ਼ਹਿਰੀ ਅਤੇ ਦਿਹਾਤੀ ਮੰਡਲ ਦਫ਼ਤਰ ਪੀ.ਐਸ.ਪੀ.ਸੀ.ਐਲ ਗਿੱਦੜਬਾਹਾ ਦੀਆਂ ਸਾਰੀਆਂ ਮੁਲਾਜ਼ਮ, ਰਿਟਾਇਰੀ ਜਥੇਬੰਦੀਆਂ ਵਲੋਂ ਇਕ ਰੋਜ਼ਾ ਹੜਤਾਲ ਕਰਦਿਆਂ ਸਾਂਝੇ ਰੂਪ ਵਿਚ ਰੋਸ ਪ੍ਰਗਟ ਕੀਤਾ ਗਿਆ । ਜਿਸ ਵਿਚ ਬੁਲਾਰਿਆਂ ਵਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮੁਲਾਜ਼ਮ/ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਿਰੁੱਧ ਅਵਾਜ਼ ਉਠਾਉਂਦਿਆਂ ਕਿਹਾ ਕਿ ਸਰਕਾਰੀ ਅਦਾਰਿਆਂ ਅੰਦਰ ਨਿੱਜੀਕਰਨ ਵੱਲ ਕਦਮ ਪੁਟਦਿਆਂ ਸਿੱਖਿਆ, ਸਿਹਤ, ਬਿਜਲੀ, ਟਰਾਂਸਪੋਰਟ, ਰੇਲਵੇ, ਜਲ ਸਪਲਾਈ, ਬੈਂਕਾਂ ਅਤੇ ਵਪਾਰ ਅੰਦਰ 100 ਫ਼ੀਸਦੀ ਤੱਕ ਐਫ.ਡੀ.ਆਈ. ਦਾ ਫੈਸਲਾ, ਠੇਕਾ ਅਧਾਰਤ ਭਰਤੀਆਂ ਕਰਕੇ ਘੱਟ ਤਨਖਾਹ 'ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ । ਮੁਲਾਜ਼ਮ ਵਿਰੋਧੀ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਸਾਰੇ ਕਾਮਿਆਂ ਦਾ ਭਵਿੱਖ ਹਨੇਰੇ ਵੱਲ ਧੱਕਿਆ ਜਾ ਰਿਹਾ ਹੈ ਅਤੇ ਵਾਰ-ਵਾਰ ਵਾਜਬ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ । ਇਹੀ ਵਜ੍ਹਾ ਹੈ ਕਿ ਅੱਜ ਪਾਵਰਕਾਮ ਦੇ ਮੁਲਾਜ਼ਮਾਂ ਦੇ ਨਾਲ-ਨਾਲ ਸੇਵਾਮੁਕਤ ਕਾਮਿਆਂ ਵਲੋਂ ਵੀ ਹੜਤਾਲ ਦੀ ਡਟਵੀਂ ਹਮਾਇਤ ਕਰਦੇ ਹੋਏ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਗਈ ਹੈ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੇਵਾ ਸਿੰਘ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਨਵਜੋਤ ਸਿੰਘ ਤੋਂ ਇਲਾਵਾ ਮੇਘ ਰਾਜ ਬੁੱਟਰ, ਪ੍ਰਕਾਸ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ।