ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ 'ਚ ਅੜਿੱਕਾ ਬਣ ਰਹੇ 70 ਸਾਲਾਂ ਬਜ਼ੁਰਗ ਦੀ ਮੰਜ਼ੇ ਨਾਲ ਬੰਨ੍ਹ ਕੇ ਕੀਤੀ ਹੱਤਿਆ
ਮਲੋਟ: ਪਿੰਡ ਖੇਮਾਖੇੜਾ ਵਿਖੇ ਇਕ 70 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਮੁਤਾਬਿਕ ਘਰ ਦੇ ਮੂਹਰੇ ਸਥਿਤ ਦੁਕਾਨ-ਕਮ-ਡੇਅਰੀ 'ਚ ਸੁੱਤੇ ਮੰਗਲ ਰਾਮ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਮ੍ਰਿਤਕ ਹਾਲਤ 'ਚ ਪਾਇਆ ਗਿਆ। ਉਸ ਦੀ ਲਾਸ਼ ਮੰਜੇ ਨਾਲ ਬੰਨ੍ਹੀ ਹੋਈ ਸੀ ਅਤੇ ਸਿਰ ਆਦਿ 'ਤੇ ਹਥੌੜੇ ਵਗੈਰਾ ਨਾਲ ਵਾਰ ਕਰਨ ਦੇ ਜ਼ਖ਼ਮ ਸਨ। ਸ਼ੁਰੂਆਤੀ ਤੌਰ 'ਤੇ ਮੰਨਿਆ ਜਾ ਰਿਹਾ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ 'ਚ ਅੜਿੱਕਾ ਬਣ ਰਹੇ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਹਤਿਆਰੇ ਜਾਂਦੇ ਹੋਏ ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਡੇਅਰੀ 'ਚ ਦੁੱਧ ਦੀ ਫੈਟ ਜਾਂਚਣ ਵਾਲੀਆਂ ਮਸ਼ੀਨਾਂ ਤੇ ਹੋਰ ਸਾਮਾਨ ਲੈ ਗਏ। ਚੋਰ ਘਰ ਦੀ ਪਿਛਲੀ ਕੰਧ ਤੋਂ ਦਾਖ਼ਲ ਹੋਏ ਦੱਸੇ ਜਾਂਦੇ ਹਨ। ਵਾਰਦਾਤ ਦਾ ਖ਼ੁਲਾਸਾ ਕਰੀਬ ਤੜਕੇ ਸਾਢੇ ਤਿੰਨ ਵਜੇ ਮ੍ਰਿਤਕ ਦੇ ਲੜਕੇ ਲਖਵਿੰਦਰ ਉਰਫ਼ ਲੱਖਾ ਦੇ ਜਾਗਣ 'ਤੇ ਹੋਇਆ।ਮ੍ਰਿਤਕ ਦੇ ਭਤੀਜੇ ਸੁਰਜੀਤ ਰਾਮ ਵਾਸੀ ਬਲੌਚਕੇਰਾ ਨੇ ਦੱਸਿਆ ਕਿ ਜਿਸ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਚੋਰੀ ਦੀ ਵਾਰਦਾਤ ਦਰਸਾ ਕੇ ਕਿਸੇ ਸਾਜ਼ਿਸ਼ ਤਹਿਤ ਉਸਦੇ ਚਾਚਾ ਮੰਗਲ ਰਾਮ ਦੀ ਹੱਤਿਆ ਕੀਤੀ ਗਈ ਹੈ। ਹੱਤਿਆਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਬਲਕਾਰ ਸਿੰਘ, ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਅਤੇ ਪੁਲਿਸ ਅਮਲਾ ਮੌਕੇ 'ਤੇ ਪੁੱਜ ਗਏ। ਥਾਣਾ ਮੁਖੀ ਨੇ ਕਿਹਾ ਕਿ ਮੰਗਲਾ ਰਾਮ ਦੀ ਹੱਤਿਆ ਬਾਰੇ ਡੂੰਘੀ ਪੜਤਾਲ ਲਈ ਫੋਰੈਂਸਿਕ ਟੀਮ ਬੁਲਾਈ ਗਈ ਹੈ। Author: Malout Live