ਪ੍ਰੀਖਿਆ ਕੇਂਦਰ ਵਿੱਚ ਲੇਟ ਪਹੁੰਚੇ ਵਿਦਿਆਰਥੀ ਨੂੰ ਮਿਲੀ ਇਹ ਸਜ਼ਾ

ਸ੍ਰੀ ਮੁਕਤਸਰ ਸਾਹਿਬ:- ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ’ਚ ਸਵੇਰ ਦੇ ਸਮੇਂ ਉਦੋਂ ਹੰਗਾਮਾ ਹੋ ਗਿਆ, ਜਦੋਂ ਨਿਰਧਾਰਤ ਸਮੇਂ ਤੋਂ ਕਰੀਬ 26 ਮਿੰਟ ਲੇਟ ਪਹੁੰਚੇ ਵਿਦਿਆਰਥੀ ਨੂੰ ਸਕੂਲ ਪ੍ਰਿੰਸੀਪਲ ਨੇ ਪ੍ਰੀਖਿਆ ਕੇਂਦਰ ’ਚੋਂ ਬਾਹਰ ਕੱਢ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਬਾਮ ਨਿਵਾਸੀ ਸ਼ਹਿਨਾਜ਼ ਪੁੱਤਰ ਗੁਰਤੇਜ ਸਿੰਘ ਦਾ ਦਸਵੀਂ ਦਾ ਪੇਪਰ ਸੀ। ਉਹ ਘਰ ਤੋਂ ਮੋਟਰਸਾਈਕਲ ’ਤੇ ਪੇਪਰ ਦੇਣ ਲਈ ਨਿਕਲਿਆ ਸੀ। ਪਿੰਡ ਝੀਂਡਵਾਲੀ ਨੇੜੇ ਉਸ ਦਾ ਬੱਸ ਨਾਲ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪਿੱਛੇ ਤੋਂ ਆ ਰਹੇ ਅਕਾਲ ਅਕੈਡਮੀ ਦੇ ਵੈਨ ਚਾਲਕ ਨੇ ਉਸ ਨੂੰ ਚੁੱਕਿਆ ਅਤੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਉਣ ਮਗਰੋਂ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਨੇ ਉਸ ਦੀ ਮੱਲਮ ਪੱਟੀ ਕਰਵਾਉਣ ਤੋਂ ਬਾਅਦ ਉਸ ਨੂੰ ਸਕੂਲ ਪਹੁੰਚਾ ਦਿੱਤਾ। ਜਦੋਂ ਉਹ ਸਕੂਲ ਪਹੁੰਚਿਆ ਤਾਂ 10.26 ਮਿੰਟ ਹੋਏ ਸੀ। ਉਹ ਸਕੂਲ ਦੇ ਅੰਦਰ ਦਾਖਲ ਹੋ ਗਿਆ ਅਤੇ ਪਰੀਖਿਆ ਕੇਂਦਰ ’ਚ ਬਿਠਾ ਦਿੱਤਾ। ਇਸ ਗੱਲ ਦਾ ਜਦੋਂ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਉਸ ਨੇ ਵਿਦਿਆਰਥੀ ਨੂੰ ਉਠਾ ਕੇ ਬਾਹਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਪ੍ਰੀਖਿਆ ਨਹੀਂ ਦੇ ਸਕਦਾ। ਇਸ ਗੱਲ ’ਤੇ ਪਰਿਵਾਰ ਅਤੇ ਹੋਰਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ ਪਰ ਪ੍ਰਿੰਸੀਪਲ ਨੇ ਉਸ ਦੀ ਇਕ ਨਹੀਂ ਸੁਣੀ। ਜਿਸ ਸਕੂਲ ਦਾ ਇਹ ਬੱਚਾ ਸੀ, ਉਸ ਸਕੂਲ ਦੇ ਪ੍ਰਿੰਸੀਪਲ ਦੀ ਵੀ ਉਸ ਨੇ ਇਕ ਨਹੀਂ ਸੁਣੀ, ਜਿਸ ਕਾਰਨ ਵਿਦਿਆਰਥੀ ਬਿਨਾ ਪ੍ਰੀਖਿਆ ਦਿੱਤੇ ਵਾਪਸ ਚਲਾ ਗਿਆ। ਪ੍ਰਿੰਸੀਪਲ ਸਿੰਬਲਜੀਤ ਕੌਰ ਦਾ ਕਹਿਣਾ ਹੈ ਕਿ ਉਹ ਤਾਂ ਰੂਲ ਦੇ ਅਨੁਸਾਰ ਚੱਲਦੇ ਹਨ। 10 ਵਜੇ ਤੋਂ ਬਾਅਦ ਕੋਈ ਵੀ ਵਿਦਿਆਰਥੀ ਪ੍ਰੀਖਿਆ ’ਚ ਨਹੀਂ ਆ ਸਕਦਾ।