ਇੱਕ ਪੌਦਾ ਆਪਣੇ ਬਜ਼ੁਰਗਾਂ ਲਈ, ਇੱਕ ਪੌਦਾ ਆਪਣੀ ਧੀ ਲਈ ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ-ਡਾ. ਬਲਜੀਤ ਕੌਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਦੇ ਸੰਕਲਪ ਦੀ ਪ੍ਰੇਰਣਾ ਨਾਲ ਮਲੋਟ ਵਿਧਾਨ ਸਭਾ ਹਲਕੇ ਵਿੱਚ ਇੱਕ ਪੌਦਾ ਆਪਣੇ ਬਜ਼ੁਰਗਾਂ ਲਈ, ਇੱਕ ਪੌਦਾ ਆਪਣੀ ਧੀ ਲਈ ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। ਉਨ੍ਹਾਂ ਨੇ ਕਿਹਾ ਗੰਧਲਾ ਹੋ ਰਿਹਾ ਵਾਤਾਵਰਨ ਪੂਰੀ ਮਨੁੱਖਤਾ ਲਈ ਇੱਕ ਵੱਡੀ ਚੁਣੋਤੀ ਹੈ ਅਤੇ ਇਸ ਨਾਲ ਕਾਦਰ ਦੀ ਕੁਦਰਤ ਵੱਲੋਂ ਸਾਜੀ ਇਸ ਧਰਤ ਸੁਹਾਵਣੀ ਤੇ ਮਾਨਵ ਜਾਤੀ ਦਾ ਭਵਿੱਖ ਅਸੁਰੱਖਿਅਤ ਹੋਣ ਲੱਗਿਆ ਹੈ। ਇਸ ਲਈ ਜਰੂਰੀ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਏ ਜਾਣ। ਰੁੱਖ ਸਿਰਫ ਲਗਾਏ ਹੀ ਨਾ ਜਾਣ ਸਗੋਂ ਉਨ੍ਹਾਂ ਨੂੰ ਸੰਭਾਲਿਆ ਵੀ ਜਾਵੇ।
ਇਸ ਲਈ ਪੰਜਾਬ ਸਰਕਾਰ ਦੇ ਵਾਤਾਵਰਨ ਨੂੰ ਬਚਾਉਣ ਦੇ ਸੁਹਿਰਦ ਯਤਨਾਂ ਦੀ ਲੜੀ ਤਹਿਤ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਆਗਾਜ਼ ਮਿਤੀ 12 ਜੁਲਾਈ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਿੰਡ ਸੋਥਾ ਤੋਂ ਕੀਤਾ ਜਾਵੇਗਾ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਅਭਿਆਨ ਤਹਿਤ ਆਪਣੇ ਬਜ਼ੁਰਗਾਂ ਅਤੇ ਧੀਆਂ ਦੇ ਨਾਂਅ ਤੇ ਪੌਦੇ ਲਗਾਉਣ ਦੀ ਮੁਹਿੰਮ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਸ ਮੁਹਿੰਮ ਤਹਿਤ ਲਗਾਏ ਪੌਦਿਆਂ ਨਾਲ ਲਗਾਉਣ ਵਾਲਿਆਂ ਦੀ ਭਾਵਨਾਤਮਕ ਸਾਂਝ ਪਾਈ ਜਾ ਸਕੇ ਅਤੇ ਉਹ ਪੌਦਾ ਲਗਾਉਣ ਤੋਂ ਬਾਅਦ ਉਸਨੂੰ ਭੁੱਲ ਨਾ ਜਾਣ ਸਗੋਂ ਉਸਦੀ ਸਾਂਭ ਸੰਭਾਲ ਕਰਦੇ ਰਹਿਣ ਤਾਂ ਜੋ ਇਸ ਮੁਹਿੰਮ ਤਹਿਤ ਲਗਾਏ ਪੌਦੇ ਇੱਕ ਵੱਡੇ ਰੁੱਖ ਬਣਕੇ ਸਾਨੂੰ ਪ੍ਰਾਣ ਵਾਯੂ ਦੇ ਸਕਣ। ਇਸ ਮੁਹਿੰਮ ਤਹਿਤ ਮਲੇਟ ਹਲਕੇ ਵਿੱਚ 1 ਲੱਖ 10 ਹਜ਼ਾਰ ਇਸ ਸਾਲ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਨੇ ਇਸ ਮੁਹਿੰਮ ਨਾਲ ਹਰੇਕ ਪਰਿਵਾਰ ਨੂੰ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਨਭਾਗੀਦਾਰੀ ਨਾਲ ਅਸੀਂ ਇਸ ਨੂੰ ਸਫਲ ਕਰਾਂਗੇ। Author : Malout Live