ਤੰਦਰੁਸਤ ਰਹਿਣ ਲਈ ਇਸ ਵਾਰ ਦਿਵਾਲੀ ਪਟਾਖਿਆਂ ਰਹਿਤ ਅਤੇ ਪ੍ਰਦੂਸ਼ਨ ਰਹਿਤ ਮਨਾਈ ਜਾਵੇ: ਡਾ ਰੀਟਾ ਬਾਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਜਿਲ੍ਹਾ ਨਿਵਾਸੀਆਂ ਨੂੰ ਇਸ ਵਾਰ ਪ੍ਰਦੂਸ਼ਨ ਰਹਿਤ ਅਤੇ ਪਟਾਖਿਆਂ ਤੋਂ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇਂ ਸਾਹ, ਦਮਾ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਵਾਲੇ ਮਰੀਜਾਂ ਨੂੰ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਬੱਚੇ ਪਟਾਖੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਅਤੇ ਹੱਥਾਂ ਵਿੱਚ ਫੜ ਕੇ ਨਾ ਚਲਾਉਣ, ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਉਹਨਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ। ਅਕਸਰ ਬੱਚੇ ਅਨਚੱਲੇ ਪਟਾਖਿਆਂ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ,
ਅਨਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਕਿਸੇ ਵੀ ਸਮੇਂ ਫਟ ਸਕਦੇ ਅਤੇ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਪਟਾਕੇ ਵੱਡਿਆਂ ਦੀ ਨਿਗਰਾਨੀ ਅਤੇ ਅੱਖਾਂ ਤੋਂ ਦੂਰ ਰੱਖ ਕੇ ਹੀ ਚਲਾਓ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਵਾਲੀ ਸਮੇਂ ਸਿਹਤ ਪ੍ਰਤੀ ਕੋਈ ਵੀ ਮੁਸ਼ਕਿਲ ਆਵੇ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ। ਇਸ ਸਮੇਂ ਸਿਹਤ ਵਿਭਾਗ ਵੱਲੋਂ ਮਾਹਿਰ ਡਾਕਟਰਾਂ ਦੀ ਟੀਮਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਜਾਵੇਗਾ ਤਾਂ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਬੰਦਨਾ ਬਾਂਸਲ DMC, ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ, ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਹਾਜ਼ਿਰ ਸਨ। Author: Malout Live