District NewsMalout News

ਸਿਹਤ ਵਿਭਾਗ ਵੱਲੋਂ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਸੰਬੰਧ ਵਿੱਚ ਕੀਤਾ ਗਿਆ ਸਮਾਗਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਸਮਾਗਮ ਕੀਤਾ ਗਿਆ। ਜਿਸ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫ਼ਸਰ, ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ, ਤੰਬਾਕੂ ਵਿਕਰੇਤਾ ਐਸੋਸੀਏਸ਼ਨ ਅਤੇ ਸਿਹਤ ਵਿਭਾਗ ਦੇ ਸਟਾਫ਼ ਨੇ ਭਾਗ ਲਿਆ। ਇਸ ਮੌਕੇ ਡਾ. ਨਵਜੋਤ ਕੌਰ ਸਿਵਲ ਸਰਜਨ ਨੇ ਅੱਜ ਵਿਸ਼ਵ ਭਰ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਜਿਸਦਾ ਇਸ ਸਾਲ ਦਾ ਥੀਮ “ਤੰਬਾਕੂ ਉਦਯੋਗ ਦੀ ਦਖਲ-ਅੰਦਾਜੀ ਤੋਂ ਬੱਚਿਆਂ ਨੂੰ ਬਚਾਉਣਾ” ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਾਰੀਆਂ ਸਿਹਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਮਾਗਮ ਕੀਤੇ ਜਾ ਰਹੇ ਹਨ।

ਇਸ ਮੌਕੇ ਜਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਡਾ. ਸੰਦੀਪ ਕੌਰ ਨੇ ਕਿਹਾ ਕਿ ਤੰਬਾਕੁ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਕੋਟਪਾ ਐਕਟ 2003 ਲਾਗੂ ਕੀਤਾ ਗਿਆ ਹੈ। ਜਿਸ ਦੀਆਂ ਵੱਖ-ਵੱਖ ਧਾਰਵਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸੈਕਸ਼ਨ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੇ ਸਖਤ ਮਨਾਹੀ ਹੈ , ਸੈਕਸ਼ਨ 6 ਏ ਅਨੁਸਾਰ 18 ਸਾਲ ਦੇ ਘੱਟ ਤੋਂ ਵਿਅਤਕੀਆਂ ਦੁਆਰਾ ਤੰਬਾਕੂ ਖਰੀਦੋ ਫਰੋਖਤ ਨਹੀਂ ਕੀਤੀ ਜਾ ਸਕਦੀ, ਸੈਕਸ਼ਨ 6 ਬੀ ਅਨੁਸਾਰ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਿਕਰੀ ਤੇ ਸਖਤ ਮਨਾਹੀ ਹੈ , ਸੈਕਸ਼ਨ ਨੰ. 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ ਅਤੇ ਕਾਊਂਟਰ ਜਾਂ ਟੇਬਲ ਤੇ ਸਾਹਮਣੇ ਰੱਖ ਕੇ ਨਹੀਂ ਵੇਚੇ ਜਾ ਸਕਦੇ ਹਨ, ਸੈਕਸ਼ਨ ਨੰ. 7 ਅਧੀਨ ਬੀੜੀ ਸਿਗਰਟ, ਜਰਦਾ, ਜਰਦੇ ਦੀਆਂ ਪੁੜੀਆਂ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਪੈਕਿੰਗ ਉੱਪਰ 85 ਪ੍ਰਤੀਸ਼ਤ ਜਗ੍ਹਾ ਉਪਰ ਪਿਕਟੋਰੀਅਲ ਵਾਰਨਿੰਗ ਪਿਕਚਰ ਲਗਾਉਣੀ ਬਹੁਤ ਜਰੂਰੀ ਹੈ ਅਤੇ ਕੋਈ ਵੀ ਤੰਬਾਕੁ ਪਦਾਰਥ ਖੁੱਲੇ ਰੂਪ ਵਿਚ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਕਿਹਾ ਕਿ ਸੈਕਸ਼ਨ 4,6ਏ ਅਤੇ 6ਬੀ ਅਧੀਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 200 ਰੁਪੈ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਸੈਕਸ਼ਨ ਨੰ. 5 ਅਤੇ 7 ਦੀ ਉਲੰਘਣਾ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਨੂੰ ਜੁਰਮਾਨੇ ਦਾ ਨਾਲ ਕੋਰਟ ਕੇਸ ਤੇ ਸਜ੍ਹਾ ਵੀ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਲਈ ਹੈੱਲਪ ਲਾਇਨ ਨੰ. 104, 1800112356 ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਸ ਸਮੇਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਭਾਗਵਾਨ ਦਾਸ ਅਤੇ ਲਾਲ ਚੰਦ ਹੈੱਲਥ ਇੰਸਪੈਕਟਰ ਨੇ ਵੀ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿਹਤ ਵਿਭਾਗ ਦੇ ਸਟਾਫ਼ ਤੋਂ ਇਲਾਵਾ ਰਾਕੇਸ਼ ਗੁਪਤਾ ਪ੍ਰਧਾਨ, ਰਿੰਕੂ ਗਰਗ, ਸੁਮਿਤ ਵਾਟਸ, ਨੀਰਜ ਸਿੰਗਲਾ, ਅਨੀਸ਼ ਸੇਠੀ, ਸਾਹਿਲ ਕੁਮਾਰ ਅਤੇ ਸੁੰਦਰ ਕੁਮਾਰ ਹਾਜ਼ਿਰ ਸਨ।

Author : Malout Live

Back to top button