ਨੰਬਰਦਾਰਾਂ ਵਿਰੁੱਧ ਦਰਜ ਝੂਠਾ ਮੁਕੱਦਮਾ ਸਰਕਾਰ ਦੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ - ਪਰਮਿੰਦਰ ਸਿੰਘ ਗਾਲਿਬ

ਮਲੋਟ (ਪੰਜਾਬ): ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਗਾਲਿਬ ਵੱਲੋਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਦੇ ਸ਼ਾਮਿਲ ਹੋਣ ਤੋਂ ਘਬਰਾਈ ਸੂਬਾ ਸਰਕਾਰ ਨੇ ਨੰਬਰਦਾਰਾਂ ਵਿਰੁੱਧ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ। ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਸਾਂਤਮਈ ਧਰਨਾ ਦੇਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਪੂਰਨ ਅਧਿਕਾਰ ਹੈ। ਪਰ ਸੂਬਾ ਸਰਕਾਰ ਜਬਰਦਸਤੀ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਹਰ ਜੱਥੇਬੰਦੀ ਆਪਣੀਆਂ ਮੰਗਾਂ ਲਈ ਸੜਕਾਂ ਤੇ ਸੰਘਰਸ਼ ਕਰ ਰਹੀ ਹੈ, ਨੰਬਰਦਾਰ ਯੂਨੀਅਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰ ਚੁੱਕੀ ਹੈ ਪਰ ਕਦੇ ਵੀ ਕੋਈ ਮੁੱਕਦਮਾ ਸਰਕਾਰ ਵੱਲੋਂ ਦਰਜ ਨਹੀਂ ਕੀਤਾ ਗਿਆ, ਪਰ 'ਆਪ' ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਸਮਾਜ ਦੇ ਜ਼ਿੰਮੇਵਾਰ ਵਰਗ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ , ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਖਿਲਾਫ਼ ਸੰਗਰੂਰ ਵਿਖੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਰੱਦ ਨਾ ਕੀਤਾ ਗਿਆ ਤਾਂ ਨੰਬਰਦਾਰਾਂ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੇਗੀ ਅਤੇ ਸੂਬੇ ਦੇ 35 ਹਜ਼ਾਰ ਨੰਬਰਦਾਰ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। Author: Malout Live