ਆਤਮ ਹੱਤਿਆ! ਕਿਸੇ ਮਸਲੇ ਦੇ ਦੁੱਖ ਨੂੰ ਘਟਾਉਂਦਾ ਨਹੀਂ, ਵਧਾਉਂਦਾ ਹੈ- ਪ੍ਰੋਫੈਸਰ ਬਲਜੀਤ ਸਿੰਘ ਗਿੱਲ
ਵਿਸ਼ਵ ਸਿਹਤ ਸੰਗਠਨ ਅਤੇ ਵਰਡਲ ਫੈਡਰੇਸ਼ਨ ਫਾਰ ਸੈਂਟਲ ਹੈੱਲਥ ਵੱਲੋਂ ਹਰ ਸਾਲ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ 8 ਲੱਖ ਵਿਅਕਤੀ ਆਤਮ ਹੱਤਿਆਵਾਂ ਕਾਰਨ ਮਰਦੇ ਹਨ ਜਿਨ੍ਹਾਂ ਵਿੱਚੋਂ ਲਗਭਗ 17 ਫੀਸਦੀ ਭਾਰਤੀ ਹਨ। ਪ੍ਰੋਫੈਸਰ ਗਿੱਲ ਨੇ ਇੱਕ ਉਦਾਹਰਨ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਬਾਬੇ ਨਾਨਕ ਨੇ ਇਹ ਸੰਦੇਸ਼ ਦਿੱਤਾ ਸੀ 'ਨਾਨਕ ਦੁਖੀਆ ਸਭ ਸੰਸਾਰ' ਭਾਵ ਸਾਰੇ ਸੰਸਾਰ ਨੂੰ ਹੀ ਤਕਲੀਫਾਂ ਆਉਂਦੀਆਂ ਹਨ ਤੇ ਤੁਸੀਂ ਇਹਨਾਂ ਤਕਲੀਫਾਂ ਦੇ ਵਿੱਚੋਂ ਦੀ ਗੁਜ਼ਰਦਿਆਂ ਹੋਇਆਂ ਚੰਗੇ ਇਨਸਾਨ ਬਣਨਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਸ਼ਵ ਸਿਹਤ ਸੰਗਠਨ ਅਤੇ ਵਰਡਲ ਫੈਡਰੇਸ਼ਨ ਫਾਰ ਸੈਂਟਲ ਹੈੱਲਥ ਵੱਲੋਂ ਹਰ ਸਾਲ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਸੀ.ਜੀ.ਐਮ ਕਾਲਜ ਮੋਹਲਾ ਵਿੱਚ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਆਪਣੇ ਲੈੱਕਚਰ ਵਿੱਚ ਕਿਹਾ ਕਿ ਹਰ ਸਾਲ 8 ਲੱਖ ਵਿਅਕਤੀ ਆਤਮ ਹੱਤਿਆਵਾਂ ਕਾਰਨ ਮਰਦੇ ਹਨ ਜਿਨ੍ਹਾਂ ਵਿੱਚੋਂ ਲਗਭਗ 17 ਫੀਸਦੀ ਭਾਰਤੀ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਔਸਤਨ ਇੱਕ ਲੱਖ ਪਿੱਛੇ 11 ਵਿਅਕਤੀਆਂ ਨੇ ਆਤਮ ਹੱਤਿਆ ਕੀਤੀ ਹੈ ਤੇ ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਆਤਮ ਹੱਤਿਆ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਵੱਖ-ਵੱਖ ਦੇਸ਼ਾਂ ਵਿੱਚ ਆਤਮ ਹੱਤਿਆ ਕਰਨ ਵਾਲਿਆਂ ਦੀ ਦਰ ਇੱਕ ਲੱਖ ਪਿੱਛੇ ਪੰਜ ਤੋਂ ਤੀਹ ਵਿਅਕਤੀਆਂ ਦੀ ਹੈ। ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਲਗਭਗ ਤਿੰਨ ਗੁਣਾ ਵੱਧ ਆਤਮ ਹੱਤਿਆਵਾਂ ਕਰਦੇ ਹਨ ਜਦ ਕਿ ਦੁਨੀਆਂ ਦੀਆਂ ਕੁੱਲ ਔਰਤਾਂ ਦੀਆਂ ਖੁੱਦਕੁਸ਼ੀਆਂ ਦਾ ਲਗਭਗ 40 ਫੀਸਦੀ ਭਾਰਤ ਵਿੱਚ ਹੁੰਦਾ ਹੈ।
ਆਤਮ ਹੱਤਿਆਵਾਂ ਦਾ ਇੱਕ ਵੱਡਾ ਅਨੁਪਾਤ ਮਨੋਵਿਗਿਆਨਿਕ ਬਿਮਾਰੀਆਂ ਜਿਵੇਂ ਡਿਪਰੈਸ਼ਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਇਲਾਵਾ ਵਿਆਹੁਤਾ ਜੀਵਨ ਸੰਬੰਧੀ ਝਗੜੇ, ਪ੍ਰੀਖਿਆ ਵਿੱਚੋਂ ਫੇਲ ਹੋਣਾ, ਕੋਈ ਗੰਭੀਰ ਬਿਮਾਰੀ ਹੋਣਾ, ਗਰੀਬੀ, ਬੇਰੁਜ਼ਗਾਰੀ, ਤਣਾਅ, ਦਬਾਅ, ਜਾਇਦਾਦ ਦੇ ਝਗੜੇ, ਕਰਜ਼, ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਹੁੰਦੀ ਮਾਨਸਿਕ ਪਰੇਸ਼ਾਨੀ ਹੁੰਦੀ ਹੈ। ਪ੍ਰੋਫੈਸਰ ਗਿੱਲ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਕਹਾਣੀ ਸੁਣਾਉਂਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿੱਚ ਕਿਤੇ ਵੀ ਤੁਹਾਡੇ ਉੱਪਰ ਕਿਸੇ ਕਿਸਮ ਦੀ ਕੋਈ ਤਕਲੀਫ/ਪਰੇਸ਼ਾਨੀ ਆ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਤਕਲੀਫ ਗੁਰੂ ਗੋਬਿੰਦ ਸਿੰਘ ਦੀ ਤਕਲੀਫ ਨਾਲੋਂ ਬਹੁਤ ਜ਼ਿਆਦਾ ਛੋਟੀ ਹੈ ਇਸ ਕਰਕੇ ਆਤਮ ਹੱਤਿਆਵਾਂ ਵਾਲੇ ਰਾਹ ਦੀ ਕਦੇ ਵੀ ਚੋਣ ਨਹੀਂ ਕਰਨੀ ਜੇ ਸਮਾਂ ਮਾੜਾ ਆਉਂਦਾ ਹੈ ਉਸ ਦੇ ਨਾਲ ਚੰਗਾ ਵੀ ਆਉਂਦਾ ਹੈ। ਬੁਰਾ ਤੇ ਚੰਗਾ ਸਮਾਂ ਆਪਸ ਵਿੱਚ ਭੈਣ-ਭਰਾ ਹਨ। ਪ੍ਰੋਫੈਸਰ ਗਿੱਲ ਨੇ ਇੱਕ ਹੋਰ ਉਦਾਹਰਨ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਬਾਬੇ ਨਾਨਕ ਨੇ ਇਹ ਸੰਦੇਸ਼ ਦਿੱਤਾ ਸੀ 'ਨਾਨਕ ਦੁਖੀਆ ਸਭ ਸੰਸਾਰ' ਭਾਵ ਸਾਰੇ ਸੰਸਾਰ ਨੂੰ ਹੀ ਤਕਲੀਫਾਂ ਆਉਂਦੀਆਂ ਹਨ ਤੇ ਤੁਸੀਂ ਇਹਨਾਂ ਤਕਲੀਫਾਂ ਦੇ ਵਿੱਚੋਂ ਦੀ ਗੁਜ਼ਰਦਿਆਂ ਹੋਇਆਂ ਚੰਗੇ ਇਨਸਾਨ ਬਣਨਾ ਹੈ।
Author : Malout Live