ਜ਼ਿਲ੍ਹਾ ਪੁਲਿਸ ਨੇ ਸਾਢੇ 5 ਕਿੱਲੋ ਅਫ਼ੀਮ, 1 ਪਿਸਤੌਲ ਅਤੇ 52,500 ਡਰੱਗ ਮਨੀ ਸਮੇਤ ਵਿਅਕਤੀ ਨੂੰ ਕੀਤਾ ਕਾਬੂ

ਮਲੋਟ: ਜ਼ਿਲ੍ਹਾ ਪੁਲਿਸ ਮੁੱਖੀ ਡਾ. ਸਚਿਨ ਗੁਪਤਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਗੁਰਚਰਨ ਸਿੰਘ ਐੱਸ.ਪੀ (ਡੀ) ਅਤੇ ਬਲਕਾਰ ਸਿੰਘ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ ਐੱਸ.ਆਈ ਮਨਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਲੰਬੀ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਅਫ਼ੀਮ, ਪਿਸਤੌਲ ਅਤੇ ਡਰੱਗ ਮਨੀ ਅਤੇ ਬੁਲਟ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ: ਸਚਿਨ ਗੁਪਤਾ ਨੇ ਦੱਸਿਆ ਕਿ 25 ਅਗਸਤ ਨੂੰ ਐੱਸ.ਆਈ ਨਿਰਮਲ ਸਿੰਘ ਅਤੇ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਪਿੰਡ ਖੇਮਾਖੇੜਾ ਵੱਲੋਂ ਬੁਲਟ ਮੋਟਰਸਾਈਕਲ 'ਤੇ ਸਵਾਰ ਨੌਜਵਾਨ,

ਜਿਸ ਨੇ ਮੋਢਿਆਂ 'ਤੇ ਟੰਗੇ ਪਿੱਠੂ ਬੈਗ ਟੰਗਿਆ ਹੋਇਆ ਸੀ, ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਸ ਨੂੰ ਨਾਂਅ ਪੁੱਛਿਆ, ਤਾਂ ਉਸ ਨੇ ਆਪਣਾ ਨਾਂਅ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਖੇਮਾਖੇੜਾ ਦੱਸਿਆ। ਉਕਤ ਵਿਅਕਤੀ ਦੇ ਪਿੱਠੂ ਬੈਗ ਦੀ ਬਲਕਾਰ ਸਿੰਘ ਸੰਧੂ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਵਿੱਚ ਇੱਕ ਪਾਰਦਰਸ਼ੀ ਲਿਫ਼ਾਫ਼ਾ ਮੋਮੀ ਵਿੱਚੋਂ 5 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸ ਦੌਰਾਨ ਹੋਰ ਤਲਾਸ਼ੀ ਲੈਣ 'ਤੇ ਉਸ ਕੋਲੋਂ ਇੱਕ ਪਿਸਤੌਲ 32 ਬੋਰ ਦੇਸੀ, 56 ਕਾਰਤੂਸ ਜਿੰਦਾ, 52,500 ਰੁਪਏ ਡਰੱਗ ਮਨੀ, ਇੱਕ ਬੁਲਟ ਮੋਟਰਸਾਈਕਲ ਅਤੇ ਇੱਕ ਆਈਫ਼ੋਨ 13 ਪਰੋ ਮੈਕਸ ਬਰਾਮਦ ਹੋਇਆ। ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ਼ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ। Author: Malout Live