ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜਨ ਲਈ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੇ ਜਿਹੜੇ ਪਿੰਡਾਂ ਵਿੱਚ ਸਰਕਾਰੀ ਰਾਸ਼ਨ ਡਿੱਪੂਆਂ ਦੀ ਵਿਵਸਥਾ ਨਹੀਂ ਹੈ ਉਹਨਾਂ ਪਿੰਡਾਂ ਵਿੱਚ ਯੋਗ ਜਗ੍ਹਾ ਦੀ ਚੋਣ ਕਰਕੇ ਫੇਅਰ ਪ੍ਰਾਈਜ ਸ਼ਾਪ (ਸਰਕਾਰੀ ਰਾਸ਼ਨ ਦੀ ਦੁਕਾਨ) ਦਾ ਨਿਰਮਾਣ ਕੀਤਾ ਜਾਣਾ ਹੈ, ਇਸ ਸੰਬੰਧੀ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਦੁਕਾਨਾਂ ਦੇ ਨਿਰਮਾਣ ਦੇ ਕੰਮ ਨੂੰ ਜਲਦ ਨੇਪਰੇ ਚਾੜਿਆ ਜਾਵੇ। ਪਿੰਡ ਦੇ ਲੋੜਵੰਦ ਵਿਅਕਤੀ ਸਰਕਾਰ ਵੱਲੋਂ ਮਿਲ ਰਹੀ ਰਾਸ਼ਨ ਸੰਬੰਧੀ ਸਕੀਮਾਂ ਦਾ ਲਾਭ ਲੈ ਸਕਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਜਗ੍ਹਾ ਦੀ ਚੋਣ ਕਰਕੇ ਖੇਡ ਮੈਦਾਨ ਦਾ ਨਿਰਮਾਣ ਕੀਤਾ ਜਾਵੇ ਅਤੇ ਖੇਡ ਮੈਦਾਨ ਵਿੱਚ ਖਿਡਾਰੀਆਂ ਲਈ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ
ਪਿੰਡਾਂ ਦੇ ਬੱਚੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਅਤੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਸਕਣ। ਇਸ ਮੌਕੇ ਜਿਲ੍ਹੇ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਸੰਬੰਧੀ ਵੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਚੋਣਾਂ ਸੰਬੰਧੀ ਮੁਕੰਮਲ ਪ੍ਰਬੰਧ ਕਰ ਲਏ ਜਾਣ ਤਾਂ ਜੋ ਚੋਣਾਂ ਸਮੇਂ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜਿਲੇ ਦੇ ਐੱਸ.ਡੀ.ਐੱਮ ਸਾਹਿਬਾਨਾਂ ਨੂੰ ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਚੇਤ ਰਹਿਣ ਲਈ ਕਿਹਾ। ਇਸ ਮੌਕੇ ਸ. ਮਨਮੋਹਨ ਸਿੰਘ ਏਡੀਸੀ (ਡੀ) ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਕੰਵਰਜੀਤ ਸਿੰਘ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਸੰਜੀਵ ਕੁਮਾਰ ਐੱਸ.ਡੀ.ਐੱਮ ਮਲੋਟ, ਸ਼੍ਰੀਮਤੀ ਬਲਜੀਤ ਕੌਰ ਐੱਸ.ਡੀ.ਐੱਮ ਗਿੱਦੜਬਾਹਾ, ਸ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ਼੍ਰੀਮਤੀ ਅਨਿੰਦਰਵੀਰ ਕੋਰ ਜ਼ਿਲ੍ਹਾ ਖੇਡ ਅਫਸਰ, ਸ਼੍ਰੀ ਜਸਵੰਤ ਸਿੰਘ ਬੀ.ਡੀ.ਪੀ.ਓ ਅਤੇ ਰਾਕੇਸ਼ ਬਿਸ਼ਨੋਈ ਬੀ.ਡੀ.ਪੀ.ਓ ਮੌਜੂਦ ਸਨ। Author: Malout Live