ਵਧੀਕ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਸੜਕ ਸੁਰੱਖਿਆ ਦੇ ਸੰਬੰਧ ਵਿੱਚ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰ ਇੱਕ ਰਜਿਸਟਰਡ ਵਹੀਕਲ ਤੇ ਨੰਬਰ ਪਲੇਟ ਸਾਫ ਲੱਗੀ ਦਿਖਾਈ ਦੇਣੀ ਚਾਹੀਦੀ ਹੈ ਤੇ ਵਹੀਕਲ ਨਾਲ ਸੰਬੰਧਿਤ ਸਾਰੇ ਜਰੂਰੀ ਦਸਤਾਵੇਜ਼ ਵਹੀਕਲ ਚਲਾਉਣ ਵਾਲੇ ਪਾਸ ਹੋਣੇ ਚਾਹੀਦੇ ਹਨ। ਉਹਨਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਜਿਸ ਹੈਵੀ ਵਹੀਕਲ ਤੇ ਸਹੀ ਢੰਗ ਨਾਲ ਨੰਬਰ ਪਲੇਟ ਨਾ ਲੱਗੀ ਹੋਵੇ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਬੀ.ਐਂਡ.ਆਰ ਸੜਕਾਂ ਅਤੇ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਜਲਦੀ ਕਰਵਾਈ ਜਾਵੇ ਤਾਂ ਜੋ ਅਣਸੁਖਾਵੀਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ। ਉੁਹਨਾਂ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਸੜਕਾਂ ਤੇ ਮੌਜੂਦ ਸਕੂਲਾਂ ਪਾਸ ਟ੍ਰੈਫ਼ਿਕ ਬੈਰੀਅਰ ਬਣਾਏ ਜਾਣ। ਮੀਟਿੰਗ ਦੌਰਾਨ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੜਕਾਂ ਕਿਨਾਰੇ ਲੱਗੇ ਦਰੱਖਤਾਂ ਅਤੇ ਝਾੜੀਆਂ ਦੀ ਕਟਿੰਗ ਕਰਵਾਈ ਜਾਵੇ ਤਾਂ ਜੋ ਆਵਾਜਾਈ ਦੌਰਾਨ ਵਹੀਕਲ ਚਲਾਉਣ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਕੰਵਰਜੀਤ ਸਿੰਘ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਮਾਲ ਅਫਸਰ ਸਰੋਜ਼ ਅਗਰਵਾਲ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸ਼੍ਰੀ ਜਸਪ੍ਰੀਤ ਸਿੰਘ ਛਾਬੜਾ ਮੌਜੂਦ ਸਨ। Author: Malout Live