ਦਫ਼ਤਰ ਸਿਵਲ ਸਰਜਨ ਵਿਖੇ ਸਵਾਇਨ ਫਲੂ, ਕੋਰੋਨਾ ਅਤੇ ਨਿਮੋਨੀਏ ਤੋਂ ਬਚਣ ਲਈ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਵਿੱਚ ਆ ਰਹੇ ਸਵਾਇਨ ਫਲੂ ਅਤੇ ਕੋਰੋਨਾ ਦੇ ਮਰੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਜਾਣਕਾਰੀ, ਬਚਾਅ ਤੇ ਸੰਤੁਲਿਤ ਭੋਜਨ ਖਾਣ ਨਾਲ ਹੀ ਸਵਾਇਨ ਫਲੂ ਅਤੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਇੰਫਲੂਐਂਜਾਂ ਵਾਇਰਸ ਨਾਲ ਹੁੰਦਾ ਹੈ। ਸਵਾਇਨ ਫਲੂ ਅਤੇ ਕੋਰੋਨਾ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੇ ਨੱਕ, ਹੱਥ ਮਿਲਾਉਣ ਨਾਲ, ਛੂਹਣ ਨਾਲ, ਖੁੱਲੇ ਵਿੱਚ ਥੁੱਕਣ ਆਦਿ ਨਾਲ ਫੈਲਦਾ ਹੈ। ਇਹ ਬਜ਼ੁਰਗਾਂ, ਕੰਮਜ਼ੋਰ ਵਿਅਕਤੀਆਂ, ਬੱਚੇ, ਗਰਭਵਤੀ ਮਾਂਵਾਂ ਅਤੇ ਸਾਹ ਦਮੇ ਦੇ ਮਰੀਜ਼ਾਂ ਨੂੰ ਛੇਤੀ ਹੁੰਦਾ ਹੈ ਅਤੇ ਉਨ੍ਹਾਂ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ।

ਜਿਨ੍ਹਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਤੋਂ ਸਲਾਹ ਲਵੋ। ਉਹ ਭੀੜ ਵਾਲੀਆਂ ਥਾਂਵਾਂ ਤੇ ਨਾ ਜਾਣ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਨ। ਖੰਘ, ਵਗਦਾ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਿਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਫੀਲਡ ਵਿੱਚ ਕੋਰੋਨਾ, ਸਵਾਇਨ ਫਲੂ ਅਤੇ ਨਿਮੋਨੀਏ ਤੋਂ ਬਚਣ ਲਈ ਵੱਧ ਤੋਂ ਵੱਧ ਜਾਗਰੂਕਤਾ ਸਮਾਗਮ ਕੀਤੇ ਜਾਣ। ਇਸ ਕੈੰਪ ਵਿੱਚ ਮਹੀਨੇ ਦੌਰਾਨ ਕੀਤੀਆਂ ਗਤੀਵਿਧੀਆਂ ਤੇ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ ਅਤੇ ਟੀਚੇ 100 ਪ੍ਰਤੀਸ਼ਤ ਪ੍ਰਾਪਤ ਕਰਨ ਲਈ ਹਦਾਇਤ ਜਾਰੀ ਕੀਤੀ ਗਈ। Author: Malout Live