ਫੀਸ ਜਮ੍ਹਾਂ ਕਰਵਾਉਣ ਲਈ ਕਹਿਣ ’ਤੇ ਬੱਚੇ ਦੇ ਪਿਤਾ ਵੱਲੋਂ ਅਧਿਆਪਕ ਦੀ ਕੁੱਟਮਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਥਾਣਾ ਸਿਟੀ ਪੁਲਿਸ ਨੇ ਅਬੋਹਰ ਰੋਡ ਸਥਿਤ ਪੰਜਾਬ ਪਬਲਿਕ ਸਕੂਲ ਦੇ ਅਧਿਆਪਕ ਵਿਜੈ ਕੁਮਾਰ ਦੀ ਕਲਾਸ ਰੂਮ ’ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ’ਚ ਬੱਚੇ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਅਧਿਆਪਕ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਪਬਲਿਕ ਸਕੂਲ ਵਿਚ ਮੁੱਖ ਅਧਿਆਪਕ ਹੈ। ਹਾਲ ਹੀ ’ਚ ਨਰਸਰੀ ਕਲਾਸ ’ਚ ਪੜ੍ਹਦੇ ਬੱਚੇ ਅਮਿਤ ਨੂੰ ਛੱਡਣ ਉਸ ਦੇ ਦਾਦਾ ਆਏ ਸਨ। ਪਰਿਵਾਰ ਨੇ ਬੱਚਿਆਂ ਨੂੰ ਸਕੂਲ ਦੇ ਗੇਟ ’ਤੇ ਹੀ ਛੱਡਣਾ ਹੁੰਦਾ ਹੈ, ਪਰ ਬੱਚੇ ਦਾ ਦਾਦਾ ਮਨ੍ਹਾ ਕਰਨ ਦੇ ਬਾਵਜੂਦ ਸਕੂਲ ਦੇ ਅੰਦਰ ਆ ਗਿਆ। ਇਸ ਦੌਰਾਨ ਬੱਚੇ ਦੇ ਦਾਦਾ ਨੂੰ 350/- ਰੁਪਏ ਦੀ ਬਕਾਇਆ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਬੱਚੇ ਦਾ ਦਾਦਾ ਇਹ ਕਹਿ ਕੇ ਵਾਪਿਸ ਚਲਾ ਗਿਆ ਕਿ ਉਸ ਨੇ ਫੀਸ ਜਮ੍ਹਾ ਨਹੀਂ ਕਰਵਾਉਣੀ। ਉਹ ਬੱਚੇ ਨੂੰ ਵੀ ਆਪਣੇ ਨਾਲ ਲੈ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਬੱਚੇ ਦਾ ਪਿਤਾ ਸਕੂਲ ਪਰਤਿਆ। ਉਹ ਜ਼ਬਰਦਸਤੀ ਕਲਾਸ ਰੂਮ ਵਿਚ ਦਾਖਲ ਹੋਇਆ ਅਤੇ ਉਸ ਦੀ ਕੁੱਟਮਾਰ ਕੀਤੀ। ਰੌਲਾ ਸੁਣ ਕੇ ਜਦੋਂ ਸਕੂਲ ਦਾ ਹੋਰ ਸਟਾਫ ਆਇਆ ਤਾਂ ਉਹ ਉਸ ਨੂੰ ਦੇਖ ਲੈਣ ਦੀ ਧਮਕੀ ਦੇ ਕੇ ਉੱਥੋਂ ਚਲਾ ਗਿਆ। ਪੁਲਿਸ ਨੇ ਕੇਵਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।