ਪਿੰਡ ਲੁਬਾਣਿਆਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਲੁਬਾਣਿਆਂਵਾਲੀ ਵਿਖੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਜੋਬਨਦੀਪ ਸਿੰਘ ਏ.ਡੀ.ਓ ਸਰਕਲ ਲੁਬਾਣਿਆਂਵਾਲੀ ਨੇ ਕੈਂਪ ਦੌਰਾਨ ਮੰਚ ਦਾ ਸੰਚਾਲਨ ਕੀਤਾ ਅਤੇ ਕਿਸਾਨਾਂ ਨੂੰ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਲੁਬਾਣਿਆਂਵਾਲੀ ਵਿਖੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਜੋਬਨਦੀਪ ਸਿੰਘ ਏ.ਡੀ.ਓ ਸਰਕਲ ਲੁਬਾਣਿਆਂਵਾਲੀ ਨੇ ਕੈਂਪ ਦੌਰਾਨ ਮੰਚ ਦਾ ਸੰਚਾਲਨ ਕੀਤਾ ਅਤੇ ਕਿਸਾਨਾਂ ਨੂੰ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਸਮਾਂ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਲਈ ਬਿਲਕੁੱਲ ਢੁੱਕਵਾਂ ਹੈ ਤਾਂ ਜੋ ਰਸਾਇਣਿਕ ਖਾਦਾਂ ਤੇ ਹੋ ਰਹੇ ਖਰਚੇ ਨੂੰ ਘਟਾਇਆ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਡਾ. ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਸੁਚੱਜੀ ਕਾਸ਼ਤ ਸੰਬੰਧੀ ਅਤੇ ਸਾਉਣੀ ਦੀਆਂ ਫਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ।
ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਨਰਮੇਂ ਬੀਜ ਤੇ 33 ਪ੍ਰਤੀਸ਼ਤ ਸਬਸਿਡੀ, ਜੰਤਰ ਬੀਜ ਅਤੇ ਜਿਪਸਮ ਸਬਸਿਡੀ, ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ, ਫਾਰਮਰ ਰਜਿਸਟਰੀ ਆਦਿ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਡਾ. ਅਮਨਦੀਪ ਕੌਰ ਏ.ਡੀ.ਓ (ਮਾਰਕੀਟਿੰਗ) ਬਰੀਵਾਲਾ ਨੇ ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਤੋਂ ਸੰਯੁਕਤ ਡਾਇਰੈਕਟਰ (ਪਾਸਾਰ) ਡਾ. ਈਸ਼ਾ ਸਵਾਮੀ ਆਨਲਾਈਨ ਮਾਧਿਅਮ ਰਾਹੀਂ ਜੁੜੇ, ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਅਭਿਆਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਦਾ ਸਾਰਾ ਪ੍ਰਬੰਧ ਸ਼੍ਰੀ ਸੰਯਮ ਧੁਰਿਆ, ਏ.ਐਸ.ਆਈ ਸ਼੍ਰੀ ਸਵਰਨਜੀਤ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ (ਆਤਮਾ) ਅਤੇ ਸ੍ਰੀ ਦੀਪਇੰਦਰ ਸਿੰਘ, ਸੇਵਦਾਰ ਵੱਲੋਂ ਕੀਤਾ ਗਿਆ, ਕੈਂਪ ਨੂੰ ਸਫਲ ਬਣਾਉਣ ਵਿੱਚ ਹਰਜਿੰਦਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਗੁਰਪਾਲ ਸਿੰਘ, ਸੈਕਟਰੀ ਕੋਅਪ੍ਰੇਟਿਵ ਸੋਸਾਇਟੀ ਅਤੇ ਹੋਰ ਕਿਸਾਨ ਹਾਜ਼ਿਰ ਸਨ।
Author : Malout Live



