ਸਿੱਖਿਆ ਵਿਭਾਗ ਨੇ ਸੂਬੇ ਭਰ ਦੇ ਸਾਰੇ ਛੇਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਾਲ ਸਭਾ ਆਯੋਜਨ ਦਾ ਲਿਆ ਫੈਂਸਲਾ

ਮਲੋਟ (ਪੰਜਾਬ): ਲੱਗਭਗ 2 ਦਹਾਕੇ ਪਹਿਲਾਂ ਵਿਦਿਆਰਥੀਆਂ ਦੀ ਵਿਸ਼ੇਸ਼ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਮਹੀਨੇ ਦੇ ਕਿਸੇ ਇੱਕ ਦਿਨ ਬਾਲ ਸਭਾ ਦਾ ਆਯੋਜਨ ਕੀਤਾ ਜਾਂਦਾ ਸੀ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਤੇ ਹੋਰ ਕਲਾਤਮਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ’ਚ ਹਿੱਸਾ ਲਿਆ ਜਾਂਦਾ ਸੀ। ਸਮੇਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ’ਚ ਇਨ੍ਹਾਂ ਬਾਲ ਸਭਾਵਾਂ ਦਾ ਆਯੋਜਨ ਬੰਦ ਕਰ ਦਿੱਤਾ ਗਿਆ ਪਰ ਪਿਛਲੇ ਕੁੱਝ ਸਮੇਂ ਤੋਂ ਸਿੱਖਿਆ ਸ਼ਾਸਤਰੀਆਂ ਦੇ ਨਾਲ-ਨਾਲ ਸਕੂਲ ਦੇ ਅਧਿਕਾਰੀਆਂ ਵੱਲੋਂ ਸਕੂਲਾਂ ’ਚ ਫਿਰ ਤੋਂ ਬਾਲ ਸਭਾਵਾਂ ਆਯੋਜਿਤ ਕਰਨ ਦੀ ਮੰਗ ਲਗਾਤਾਰ ਚੁੱਕੀ ਜਾ ਰਹੀ ਸੀ, ਜਿਸ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਭਰ ਦੇ ਸਾਰੇ ਅੱਪਰ ਪ੍ਰਾਇਮਰੀ ਸਕੂਲਾਂ (ਛੇਵੀਂ ਤੋਂ 12ਵੀਂ ਕਲਾਸ) ਤੱਕ ਦੇ ਵਿਦਿਆਰਥੀਆਂ ਲਈ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਆਖਰੀ ਦੋ ਪੀਰੀਅਡਸ ’ਚ ਬਾਲ ਸਭਾ ਦਾ ਆਯੋਜਨ ਕਰਨ ਦਾ ਫ਼ੈਂਸਲਾ ਕੀਤਾ ਹੈ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਇਸ ਸੰਬੰਧ ’ਚ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਵਿੱਦਿਅਕ ਕੈਲੰਡਰ ’ਚ ਕਲਾਸ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਬਾਲ ਸਭਾ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਆਖਰੀ 2 ਪੀਰੀਅਡਸ ’ਚ ਆਯੋਜਿਤ ਕੀਤੀ ਜਾਵੇਗੀ। ਇਸ ਲਈ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੂਬੇ ਦੇ ਸਾਰੇ ਸਕੂਲਾਂ ਵਿੱਚ ਬਾਲ ਸਭਾ ਦਾ ਜ਼ਰੂਰੀ ਆਯੋਜਨ ਕੀਤਾ ਜਾਵੇ ਤਾਂ ਵਿਦਿਅਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ। Author: Malout Live