ਸ੍ਰੀ ਮੁਕਤਸਰ ਸਾਹਿਬ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਈਲ ਡਿਜੀਟਲ ਮਿਊਜ਼ੀਅਮ ਦੀ ਹੋਈ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਈਲ ਡਿਜੀਟਲ ਮਿਊਜ਼ੀਅਮ ਦੀ ਗੁਰੁ ਗੋਬਿੰਦ ਸਿੰਘ ਸਟੇਡੀਅਮ ਵਿਖੇ ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਐਮ .ਕੇ. ਅਰਵਿੰਦ ਕੁਮਾਰ ਨੇ ਰਸਮੀ ਸ਼ੁਰੂਆਤ ਕਰਵਾਈ। ਉਨ੍ਹਾਂ ਇਸ ਮੌਕੇ ਮਲਟੀਮੀਡੀਆ ਤਕਨੀਕਾਂ ਨਾਲ ਤਿਆਰ ਸਮੁੱਚੇ ਸ਼ੋਅ ਦਾ ਵਿਦਿਆਰਥੀਆਂ ਨਾਲ ਆਨੰਦ ਮਾਣਿਆ ਅਤੇ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਪੰਜਾਬ ਸਰਕਾਰ ਵਲੋਂ ਮਲਟੀ ਮੀਡੀਆ ਤਕਨੀਕ ਸਹਾਰੇ ਮੌਜੂਦਾ ਪੀੜੀ ਤੱਕ ਪਹੁੰਚਾਉਣ ਦੇ ਉਪਰਾਲੇ ਨੂੰ ਸਲਾਹਿਆ। ਕਰਨ ਕੌਰ ਬਰਾੜ ਨੇ ਕਿਹਾ ਕਿ ਵਿਸ਼ਾਲ ਐਲ . ਈ . ਡੀ . ਸਕਰੀਨਾਂ ਰਾਹੀਂ ਅਤੇ ਹੈਡਫ਼ੋਨ ’ ਚ ਮਿੱਠੀ ਆਵਾਜ਼ ਰਾਹੀਂ ਗੁਰੂ ਇਤਿਹਾਸ ਨੂੰ ਸਰਵਣ ਕਰਨਾ ਇਕ ਅਲੌਕਿਕ ਨਜ਼ਾਰਾ ਹੈ ਅਤੇ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ 21 ਜਨਵਰੀ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਜਾਵੇ।ਉਨ੍ਹਾਂ ਕਿਹਾ ਕਿ ਵੀ.ਆਰ. ਤਕਨੀਕ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਜੀਵਨ ' ਤੇ ਤਿਆਰ ਸੰਗੀਤਮਈ ਲੇਜ਼ਰ ਸ਼ੋਅ ਇਸ ਡਿਜੀਟਲ ਮਿਉਜ਼ੀਅਮ ਦਾ ਸਿਖਰ ਹੋ ਨਿੱਬੜਦਾ ਹੈ ।ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ. ਏ. ਐਸ. ਨੇ ਮਿਉਜ਼ੀਅਮ ਦੇਖਣ ਆਏ ਵਿਦਿਆਰਥੀਆਂ ਲਈ ਇਸ ਮਿਊਜ਼ੀਅਮ ਨੂੰ ਗੁਰੂ ਨਾਨਕ ਦੇਵ ਜੀ ਦੀ ਅਵਤਾਰੀ ਸ਼ਖ਼ਸੀਅਤ ਨਾਲ ਜਾਣੂ ਹੋਣ ਦਾ ਵਧੀਆ ਅਵਸਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਅਤੇ ਲਾਈਟ ਤੇ ਸਾਊਡ ਪ੍ਰੋਗਰਾਮ ਪੰਜਾਬ ਸਰਕਾਰ ਵਲੋਂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰੋਗਰਾਮ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਤਲੁਜ ਤੇ ਬਿਆਸ ਦਰਿਆਵਾਂ ਕੰਢੇ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਤਿੰਨੋ ਦਿਨ ਡਿਜੀਟਲ ਮਿਊਜ਼ੀਅਮ ਦਿਖਾਏ ਜਾਣ ਤੋਂ ਇਲਾਵਾ 20 ਅਤੇ 21 ਜਨਵਰੀ ਨੂੰ ਸ਼ਾਮ 6:00 ਤੋਂ 6:45 ਵਜੇ ਤੱਕ ਅਤੇ ਰਾਤ 7:00 ਵਜੇ ਤੋਂ 7:45 ਵਜੇ ਤੱਕ ਲਾਈਟ ਅਤੇ ਸਾਊਡ ਸ਼ੋਅ ਅਧਿਆਤਮਕਤਾ ਦੀ ਛਹਿਬਰ ਲਾਏਗਾ ਜੋ ਕਿ ਰੌਸ਼ਨੀ ਅਤੇ ਆਵਾਜ਼ ਦਾ ਅਲੌਕਿਕ ਸੁਮੇਲ ਹੋਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਸ਼ੋਅ ਵੇਖਣ ਦਾ ਹਾਰਦਿਕ ਸੱਦਾ ਵੀ ਦਿੱਤਾ ।ਵਧੀਕ ਡਿਪਟੀ ਕਮਿਸ਼ਨਰ ਜਨਰਲ ਸ : ਐਚ . ਐਸ . ਸਰਾਂ ਨੇ ਦੱਸਿਆ ਕਿ 20 ਜਨਵਰੀ ਨੂੰ ਸ਼ਾਮ 6 ਵਜੇ ਦੇ ਲਾਈਟ ਤੇ ਸਾਊਡ ਸ਼ੋਅ ' ਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੱਗ ਸਮੇਤ ਜ਼ਿਲ੍ਹੇ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ।