ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਸੀਰੀਜ਼ ‘ਤੇ ਕੀਤਾ ਕਬਜ਼ਾ

ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ ਵਿੱਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਨੂੰ 2-1 ਨਾਲ ਆਪਣੇ ਨਾਮ ਕਰ ਲਿਆ । ਆਸਟ੍ਰੇਲੀਆ ਖ਼ਿਲਾਫ਼ ਭਾਰਤ ਨੇ ਇਹ ਛੇਵੀਂ ਸੀਰੀਜ਼ ਜਿੱਤੀ ਹੈ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਜਿਸ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 47.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ ।ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 119, ਵਿਰਾਟ ਕੋਹਲੀ ਨੇ 89 ਅਤੇ ਸ੍ਰੇਅਸ ਅਇਅਰ ਨੇ ਅਜੇਤੂ 44 ਦੌੜਾਂ ਦੀ ਪਾਰੀ ਖੇਡੀ । ਦਰਅਸਲ, ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਅਨ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਜਿਸ ਵਿੱਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਬਣਾ ਕੇ ਆਊਟ ਹੋ ਗਏ । ਇਸ ਤੋਂ ਬਾਅਦ ਕਪਤਾਨ ਐਰੋਨ ਫਿੰਚ ਵੀ 19 ਦੌੜਾਂ ਬਣਾ ਕੇ ਰਨ ਆਊਟ ਹੋ ਗਏ । ਇਸ ਤੋਂ ਬਾਅਦ ਸਟੀਵ ਸਮਿੱਥ ਨੇ 131 ਅਤੇ ਮਾਰਨਸ ਲਾਬੂਸ਼ੇਨ ਨੇ 54 ਦੌੜਾਂ ਦੀ ਪਾਰੀ ਖੇਡੀ । ਭਾਰਤ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 4 ਵਿਕਟਾਂ ਲਈਆਂ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਟੀਚਾ 47.3 ਓਵਰਾਂ ਵਿੱਚ ਹੀ ਹਾਸਿਲ ਕਰ ਲਿਆ । ਜਿਸ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਨੇ 128 ਗੇਂਦਾਂ ਵਿੱਚ 119 ਦੌੜਾਂ ਬਣਾਈਆਂ ਤੇ ਮੈਨ ਆਫ ਦਿ ਮੈਚ ਬਣਿਆ । ਇਸ ਮੁਕਾਬਲੇ ਵਿੱਚ ਰੋਹਿਤ ਨੇ 29ਵਾਂ ਸੈਂਕੜਾ ਲਗਾਇਆ । ਇਸ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਆਪਣਾ 44ਵਾਂ ਸੈਂਕੜਾ ਬਣਾਉਣ ਤੋਂ ਸਿਰਫ 11 ਦੌੜਾਂ ਦੂਰ ਰਹਿ ਗਿਆ । ਵਿਰਾਟ ਨੇ 91 ਗੇਂਦਾਂ ‘ਤੇ 89 ਦੌੜਾਂ ਵਿੱਚ 8 ਚੌਕੇ ਲਾਏ । ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਆਪਣੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ । ਕੋਹਲੀ ਬਤੌਰ ਕਪਤਾਨ 5000 ਵਨਡੇ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ । ਕੋਹਲੀ ਨੇ ਇਹ ਰਿਕਾਰਡ ਸਿਰਫ 82 ਪਾਰੀਆਂ ਵਿੱਚ ਬਣਾਇਆ ਜਦਕਿ ਧੋਨੀ ਨੇ 127 ਪਾਰੀਆਂ ਖੇਡੀਆਂ ਸਨ । ਕੋਹਲੀ ਤੋਂ ਪਹਿਲਾਂ ਧੋਨੀ ਇਸ ਕਲੱਬ ਵਿੱਚ ਸਭ ਤੋਂ ਤੇਜ਼ ਕਪਤਾਨ ਬਣੇ ਸਨ, ਜਦਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 131 ਪਾਰੀਆਂ ਵਿੱਚ ਇਹ ਰਿਕਾਰਡ ਪ੍ਰਾਪਤ ਕੀਤਾ ਸੀ ।