ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਖਤਰਨਾਕ ਅਪਰਾਧੀ ਬਿਰਤੀ ਵਾਲਿਆਂ ਤੇ ਧਰ ਪਕੜ ਲਗਾਤਾਰ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਮਾਜ ਦੇ ਦੁਸ਼ਮਣ ਤੇ ਅਪਰਾਧਿਕ ਸੋਚ ਵਾਲੇ ਮਾੜੇ ਅਨਸਰਾਂ ਅਤੇ ਅਜਿਹੀ ਸੋਚ ਵਾਲੇ ਵਿਅਕਤੀਆਂ ਨਾਲ ਕਿਸੇ ਕਿਸਮ ਦੀ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਨੂੰ ਸ਼ਹਿ ਦੇਣ ਵਾਲਿਆਂ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਖਿਲਾਫ ਜਿਲਾ ਦੇ ਪੁਲਿਸ ਮੁਖੀ ਸ਼੍ਰੀ ਧਰੂਮਨ ਐੱਚ.ਨਿੰਬਾਲੇ ਦੀਆਂ ਹਦਾਇਤਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਮਾੜੇ ਅਨਸਰਾਂ ਵਿੱਰੁਧ ਕਾਰਵਾਈ ਦੀ ਕਮਾਂਡ ਜਿਲ੍ਹੇ ਦੇ ਕਪਤਾਨ ਪੁਲਿਸ (ਡੀ) ਸ਼੍ਰੀ ਮੋਹਨ ਲਾਲ ਅਤੇ ਸ੍ਰ: ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਦੇ ਹੱਥ ਸੌਂਪੀ ਗਈ ਹੈ ਅਤੇ ਇਸ ਕਾਰਜ ਲਈ ਇੰਸਪੈਕਟਰ ਰਜੇਸ਼ ਕੁਮਾਰ ਇੰਚ: ਸੀ.ਆਈ.ਏ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਲਗਾਤਾਰ ਮਾੜੀ ਸੋਚ ਵਾਲੇ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਵਿੱਚ ਸੁੱਰਖਿਆ ਦੀ ਭਾਵਨਾ ਬਣੀ ਰਹੇ। ਜਿਲ੍ਹਾ ਪੁਲਿਸ ਦੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਰਮ ਮੈਂਬਰ ਕੇਸ਼ਵ ਦੇ ਨੇੜਲੇ ਸਾਥੀ ਸੁਮਿਤ ਕਟਾਰੀਆ ਪੁੱਤਰ ਰਜਿੰਦਰ ਕਟਾਰੀਆ ਵਾਸੀ ਕਲੋਨੀ ਰੋਡ, ਮੰਡੀ ਡੱਬਵਾਲੀ,
ਜਿਲਾ ਸਿਰਸਾ ਨੂੰ ਮੁਕੱਦਮਾ ਨੰਬਰ 65 ਮਿਤੀ 5/4/22 ਅਧੀਨ ਧਾਰਾ 307/34 ਆਈ.ਪੀ.ਸੀ 25/27/54/59 ਆਰਮਜ਼ ਐਕਟ ਥਾਣਾ ਲੰਬੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਇਹ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਸੁਮਿਤ ਕਟਾਰੀਆ ਵਾਸੀ ਡੱਬਵਾਲੀ, ਕੇਸ਼ਵ ਵਾਸੀ ਬਠਿੰਡਾ ਦਾ ਨਜ਼ਦੀਕੀ ਦੋਸਤ ਹੈ ਅਤੇ ਇਸਦਾ ਸੰਬੰਧ ਅਪ੍ਰਾਧਾਂ ਦੀ ਦੁਨੀਆਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਸਖਤੀ ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹਨਾਂ ਮਾੜੇ ਅਨਸਰਾਂ ਵਿਰੁੱਧ ਕਾਨੂੰਨ ਦੀ ਪਕੜ ਮਜਬੂਤ ਕੀਤੀ ਜਾ ਸਕੇ। ਇਸੇ ਪ੍ਰਕਾਰ ਇਸੇ ਸ਼੍ਰੇਣੀ ਦੇ ਇੱਕ ਹੋਰ ਸਮਾਜ ਵਿਰੋਧੀ ਅਨਸਰ ਬਲਕਰਨ ਸਿੰਘ ਉਰਫ ਵਿੱਕੀ ਪੁੱਤਰ ਅਜ਼ਾਦ ਸਿੰਘ ਵਾਸੀ ਚੱਕ ਦੂਹੇਵਾਲਾ ਨੂੰ ਵੀ ਮੁੱਕਦਮਾ ਨੰਬਰ 199 ਮਿਤੀ 3/12/21 ਅਧੀਨ ਧਾਰਾ 302/34 ਆਈ.ਪੀ.ਸੀ, 25/27/54/59 ਆਰਮਜ਼ ਐਕਟ ਥਾਣਾ ਕੋਟ ਭਾਈ ਵਿੱਚ ਗ੍ਰਿਫਤਾਰ ਕਰਕੇ ਅਗਲੇਰੀ ਪੁਲਿਸ ਤਫਤੀਸ਼ ਕੀਤੀ ਜਾ ਰਹੀ ਹੈ। ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰਕਾਰ ਦੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਜਿਲਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਆਂਉਦੇ ਦਿਨਾਂ ਵਿੱਚ ਹੋਰ ਵੀ ਸਖਤ ਕਦਮ ਚੁੱਕ ਸਕਦੀ ਹੈ। Author : Malout Live