ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਰੋਨਾ ਵੈਕਸੀਨ ਕੈਂਪ ਅਤੇ ਮਾਨਵਤਾ ਬਾਲ ਆਸ਼ਰਮ ਅਤੇ ਜ਼ੇਲ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਅਰੁਨ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਅਰੁਣਵੀਰ ਵਸ਼ਿਸਟ, ਜ਼ਿਲਾ ਅਤੇ ਸੈਸ਼ਨਜ਼ ਜੱਜ -ਸਹਿਤ- ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕਸ਼ਮ ਗਰੁੱਪ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਦੇਸ਼ ਭਗਤ ਡੈਂਟਲ ਮੈਡੀਕਲ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਸਲੱਮ ਬਸਤੀ ਵਿੱਚ ਰਹਿਨ ਵਾਲੇ 18 ਸਾਲ ਤੋਂ ਵੱਧ ਉਮਰ ਦੇ ਲੜਕੇ ਅਤੇ ਲੜਕੀਆਂ ਲਈ ਕੋਰੋਨਾ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਧਘਾਟਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਮਿਸ: ਅਮਨ ਸ਼ਰਮਾ, ਸਿਵਲ ਜੱਜ (ਸੀਨੀਅਰ ਡਵੀਜਨ) ਨੇ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਗੋਇਲ, ਰਿਟੇਨਰ ਵਕੀਲ ਮਿਸ. ਮਨਜੀਤ ਕੌਰ ਬੇਦੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਿਰ ਸਨ। ਇਸ ਦੌਰਾਨ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕੋਰੋਨਾ ਵੈਕਸੀਨ ਕੈਂਪ ਸਬੰਧੀ ਜੋ ਟੀਮ ਭੇਜੀ ਗਈ ਸੀ ਉਨਾਂ ਵੱਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਸਲੱਮ ਬਸਤੀ ਵਿੱਚ ਰਹਿਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਵੈਕਸ਼ੀਨੇਸ਼ਨ ਕੀਤਾ ਗਿਆ।

ਇਸ ਉਪਰੰਤ ਨਾਲਸਾ (ਬੱਚਿਆ ਨੂੰ ਮਿੱਤਰਤਾਪੂਰਣ ਕਾਨੂੰਨੀ ਸੇਵਾਵਾਂ ਅਤੇ ਉਨਾਂ ਦੀ ਸੁਰੱਖਿਆ) ਯੋਜਨਾ, 2015 ਦੇ ਤਹਿਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਮਿਸ. ਅਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਗਠਿਤ ਆਬਜ਼ਰਵੇਸ਼ਨ ਐਂਡ ਚਿਲਡਰਨ ਹੋਮ ਕਮੇਟੀ ਵੱਲੋਂ ਮਾਨਵਤਾ ਬਾਲ ਆਸ਼ਰਮ ਅਤੇ ਅਡਾਪਸ਼ਨ ਏਜੰਸੀ, ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਅਤੇ ਕਮੇਟੀ ਦੇ ਮੈਂਬਰ ਸ੍ਰੀ ਸੋਰਵ ਚਾਵਲਾ, ਪ੍ਰੋਬੇਸ਼ਨ ਅਫ਼ਸਰ, ਜ਼ਿਲਾ ਬਾਲ ਸੁਰੱਖਿਆ ਯੁਨਿਟ ਵੀ ਹਾਜਿਰ ਸਨ। ਇਸ ਮੌਕੇ ਮਿਸ. ਅਮਨ ਸ਼ਰਮਾ ਦੁਆਰਾ ਆਸ਼ਰਮ ਵਿੱਚ ਰਹਿ ਰਹੇ ਇੱਕ ਬੱਚੇ ਦੇ ਜਨਮਦਿਨ ਦੇ ਸੰਬੰਧ ਵਿੱਚ ਕੇਕ ਲਿਜਾਇਆ ਗਿਆ ਅਤੇ ਉਸਦਾ ਜਨਮਦਿਨ ਮਨਾਇਆ ਗਿਆ। ਇਸ ਦੌਰਾਨ ਸਕੱਤਰ ਸਹਿਬ ਵੱਲੋਂ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਪੇਂਟਿੰਗਾ ਦੀ ਸਰਾਹਨਾ ਕੀਤੀ ਗਈ। ਇਸੇ ਦਿਨ ਹੀ ਅਥਾਰਟੀ ਵੱਲੋਂ ਦੁਪਹਿਰ ਬਾਅਦ ਮਿਸ. ਅਮਨ ਸ਼ਰਮਾ ਦੁਆਰਾ ਜ਼ਿਲਾ ਜੇਲ, ਸ੍ਰੀ ਮੁਕਤਸਰ ਸਾਹਿਬ ਦਾ ਆਨਲਾਈਨ ਦੌਰਾ ਕੀਤਾ ਗਿਆ ਜਿਸ ਦੌਰਾਨ ਉਨਾਂ ਨੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆ ਅਤੇ ਉਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਅਥਾਰਟੀ ਵੱਲੋਂ ਲੋੜਵੰਦ ਬੰਦੀਆਂ ਨੂੰ ਮੁਫ਼ਤ ਕਾਨੂੰੰਨੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਜੇਕਰ ਕਿਸੇ ਕੈਦੀ ਨੇ ਸਜਾ ਦੇ ਬਰਖਿਲਾਫ਼ ਉਪਰਲੀ ਅਦਾਲਤ ਵਿੱਚ ਅਪੀਲ ਦਾਇਰ ਕਰਨੀ ਹੋਵੇ ਤਾਂ ਉਸ ਨੂੰ ਮਾਨਯੋਗ ਸੁਪਰੀਮ ਕੋਰਟ ਤੱਕ ਲਈ ਵੀ ਮੁਫ਼ਤ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।