ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਮੁੜਵਸੇਬੇ ਲਈ ਮਿਸ਼ਨ ਰੈੱਡ ਸਕਾਈ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲੇ ਦੇ ਵੱਖ-ਵੱਖ ਓਟ ਸੈਂਟਰਾਂ ਵਿੱਚੋਂ ਇਲਾਜ਼ ਕਰਵਾ ਚੁੱਕੇ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਸ਼ਨ ਰੈੱਡ ਸਕਾਈ ਸ਼ੁਰੂ ਕੀਤਾ ਗਿਆ ਹੈ। ਜਿਸ ਅਧੀਨ ਵਧੀਕ ਡਿਪਟੀ ਕਮਿਸ਼ਨਰ ਕਮ-ਨੋਡਲ ਅਫ਼ਸਰ ਸ਼੍ਰੀ ਰਾਜੇਸ਼ ਤਿ੍ਰਪਾਠੀ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਡੀ.ਸੀ. ਦਫ਼ਤਰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਜਿਨਾਂ ਨੂੰ  ਮਿਸ਼ਨ ਰੈੱਡ ਸਕਾਈ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵਧੀਕ   ਡਿਪਟੀ ਕਮਿਸ਼ਨਰ ਨੇ ਸਮੂਹ ਰੈੱਡ ਸਕਾਈ ਅਫ਼ਸਰਾਂ ਨੂੰ ਮਿਸ਼ਨ ਰੈੱਡ ਸਕਾਈ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਅਤੇ ਇਸ ਮਿਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਇਸ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਸਮੂਹ ਅਫ਼ਸਰਾਂ ਨੂੰ ਇਸ ਵਿੱਚ ਆਪਣੀ ਭਾਗੇਦਾਰੀ ਯਕੀਨੀ ਬਣਾਉਣ ਲਈ ਕਿਹਾ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਤੋਂ ਕਰੀਅਰ ਕਾਊਂਸਲਰ ਅਰਸ਼ਪ੍ਰੀਤ ਸਿੰਘ ਨੇ ਸਮੂਹ ਆਏ ਰੈੱਡ ਸਕਾਈ ਅਫ਼ਸਰਾਂ ਨੂੰ ਪ੍ਰੈਜਨਟੇਸ਼ਨ ਰਾਹੀਂ ਮਿਸ਼ਨ ਰੈੱਡ ਸਕਾਈ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਹੈੱਲਥ ਡਿਪਾਰਟਮੈਂਟ ਤੋਂ ਡਿਪਟੀ ਮੈਡੀਕਲ ਕਮਿਸ਼ਨਰ, ਪੀ.ਐੱਸ.ਪੀ.ਸੀ.ਐੱਲ. ਤੋਂ ਸਮੂਹ ਐੱਸ.ਡੀ.ਓਜ਼., ਖੇਤੀਬਾੜੀ ਵਿਭਾਗ ਤੋਂ ਸਮੂਹ ਏ.ਡੀ.ਓਜ਼, ਬਾਗਬਾਨੀ ਵਿਭਾਗ ਤੋਂ ਸਮੂਹ ਐੱਚ.ਡੀ.ਓਜ਼ ਆਦਿ ਹਾਜ਼ਰ ਸਨ।