ਏ.ਡੀ.ਸੀ ਰਾਜੇਸ਼ ਤਿ੍ਰਪਾਠੀ ਨੇ ਲਿਆਂ ਵੱਖ-ਵੱਖ ਥਾਈਂ ਟੀਕਾਕਰਨ ਕੈਂਪਾਂ ਦਾ ਜਾਇਜਾ
ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਆਈ. ਏ. ਐਸ. ਦੀ ਯੋਗ ਅਗਵਾਈ ਹੇਠ ਕੋਵਿਡ ਮਹਾਂਮਾਰੀ ਪ੍ਰਤੀ ਸੁਚੇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤਿ੍ਰਪਾਠੀ (ਪੀ.ਸੀ.ਐਸ.) ਨੇ ਅੱਜ ਸਬਜੀ ਮੰਡੀ, ਰੈਡ ਕਰਾਸ ਕੰਪਲੈਕਸ, ਮਲੋਟ ਰੋਡ ਟੈਕਸੀ ਸਟੈਂਡ, ਗੁਰੂ ਨਾਨਕ ਕਾਲਜ ਤੋਂ ਇਲਾਵਾ ਵੱਖ-ਵੱਖ ਜਗਾ ਤੇ ਚਲ ਰਹੇ ਕੋਵਿਡ ਟੀਕਾਕਰਨ ਕੈਂਪ ਦਾ ਜਾਇਜਾ ਲਿਆ ਅਤੇ ਮੌਕੇ ਤੇ ਹੀ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਵੀ ਕੀਤਾ। ਉਨਾਂ ਦੱਸਿਆ ਕਿ ਸਬਜੀ ਮੰਡੀ ਵਿੱਚ ਸਵੇਰੇ 5. ਵਜੇ ਤੋਂ ਹੀ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਅਤੇ ਅੱਜ ਲਗਭਗ 2000 ਦੇ ਕਰੀਬ ਲੋਕ ਟੀਕਾਕਰਨ ਕਰਵਾ ਚੁੱਕੇ ਹਨ।
ਰੈਡ ਕਰਾਸ ਵਿੱਚ ਕੈਮਿਸਟ ਅਤੇ ਰੇਹੜੀਆਂ ਲਈ, ਟੈਕਸੀ ਸਟੈਂਡ ਮਲੋਟ ਰੋਡ ਵਿਖੇ ਡਰਾਇਵਰਾ ਲਈ ਅਤੇ ਗੁਰੂ ਨਾਨਕ ਕਾਲਜ ਵਿਦਿਆਰਥੀਆਂ ਲਈ ਕੈਂਪ ਲਗਾਇਆ ਗਿਆ। ਉਨਾਂ ਕਿਹਾ ਕਿ ਵੈਕਸੀਨੇਸ਼ਨ ਕਰਵਾਉਣਾ ਅਤਿ ਜਰੂਰੀ ਹੈ ਕਿਉਂਕਿ ਹੁਣ ਲਾਕਡਾਉਣ ਖਤਮ ਹੋ ਗਿਆ ਹੈ। ਉਨਾਂ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ, ਜੋ ਕਿ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਇਸ ਲਈ ਸਾਨੂੰ ਵੱਧ ਤੋ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ 1 ਲੱਖ 25 ਹਜਾਰ ਲੋਕ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਜੇਕਰ ਮੁਕਤਸਰ ਸ਼ਹਿਰ ਦੀ ਗੱਲ ਕਰੀਏ ਤਾਂ 50 ਹਜਾਰ ਦੇ ਕਰੀਬ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਤੁਹਾਡੀ ਸਹਾਇਤਾ ਲਈ ਇਹ ਕੈਂਪ ਲਗਾਏ ਹਨ। ਤੁਸੀਂ ਇਨਾਂ ਟੀਕਾਕਰਨ ਕੈਪਾਂ ਤੋਂ ਵੱਧ ਤੋਂ ਵੱਧ ਲਾਭ ਲਓ। ਉਨਾਂ ਕਿਹਾ ਕਿ ਜਦੋਂ ਵੀ ਘਰੋਂ ਬਾਹਰ ਜਾਓ ਮਾਸਕ ਜਰੂਰ ਪਾਓ ਅਤੇ ਦੋ ਗਜ ਦੀ ਦੂਰੀ ਬਣਾ ਕੇ ਰੱਖੋ। ਉਨਾਂ ਕਿਹਾ ਕਿ ਸਾਡੇ ਕੋਲ ਕੇਵਲ ਦੋ ਹੀ ਹਥਿਆਰ ਹਨ ਇਕ ਵੈਕਸੀਨੇਸ਼ਨ ਤੇ ਦੂਜਾ ਮਾਸਕ। ਇਨਾਂ ਦੁਆਰਾ ਹੀ ਅਸੀਂ ਕਰੋਨਾ ਮਹਾਮਾਰੀ ਤੇ ਠੱਲ ਪਾ ਸਕਦੇ ਹਾਂ।