ਡਾ.ਰੰਜੂ ਸਿੰਗਲਾ ਸਿਵਲ ਸਰਜਨ ਦੀ ਸੇਵਾ ਮੁਕਤੀ ਤੇ ਵਿਸ਼ੇਸ਼
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਖ਼ਸ਼ੀਅਤ ਦੇ ਮਾਲਕ ਸਤਿਕਾਰਯੋਗ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਬਤੌਰ ਮੈਡੀਕਲ ਅਫਸਰ (ਪੀ.ਸੀ.ਐਮ.ਐੱਸ.) 6 ਫਰਵਰੀ 1989 ਨੂੰ ਸਲੱਮ ਏਰੀਆ ਡਿਸਪੈਂਸਰੀ ਗਨੇਸ਼ਾ ਬਸਤੀ ਬਠਿੰਡਾ ਵਿਖੇ ਸਰਕਾਰੀ ਨੌਕਰੀ ਜੁਆਇੰਨ ਕੀਤੀ। ਡਾ. ਰੰਜੂ ਸਿੰਗਲਾ ਨੇ ਸੁਨਾਮ, ਨਾਭਾ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਸਾਲ 2015 ਵਿੱਚ ਡਾ.ਰੰਜੂ ਸਿੰਗਲਾ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨਿਯੁਕਤ ਕੀਤਾ ਗਿਆ। ਡਾ.ਰੰਜੂ ਸਿੰਗਲਾ ਨੂੰ ਪੰਜਾਬ ਸਰਕਾਰ ਵੱਲੋਂ ਬੈਸਟ ਟਿਊਬੈਕਟਮੀ ਸਰਜਨ ਦਾ ਸਟੇਟ ਅਵਾਰਡ ਪ੍ਰਾਪਤ ਹੋਇਆ ਹੈ। ਆਪ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤਰੱਕੀ ਦੇ ਕੇ ਜਨਵਰੀ 2021 ਵਿੱਚਂ ਬਤੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨਿਯੁਕਤ ਕੀਤਾ ਗਿਆ, ਜਿੱਥੇ ਕਿ ਆਪ ਹੁਣ ਸੇਵਾਵਾਂ ਨਿਭਾ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਆਪ ਖੁੱਦ ਕੋਰੋਨਾ ਪਾਜ਼ੀਟਿਵ ਵੀ ਹੋਏ ਪਰੰਤੂ ਫਿਰ ਵੀ ਕੋਰੋਨਾ ਪਾਜ਼ੀਟਿਵ ਮਰੀਜਾਂ ਨੂੰ ਅਤੇ ਉਨ੍ਹਾ ਦੇ ਵਾਰਿਸਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ।ਕੋਰੋਨਾ ਦੌਰਾਨ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਕਮੀ ਮਹਿਸੂਸ ਹੁੰਦੀ ਰਹੀ ਪਰੰਤੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਇੰਨ੍ਹਾ ਦੀ ਦੂਰਅੰਦੇਸ਼ੀ ਸਦਕਾ ਇੱਕ ਦਿਨ ਵੀ ਆਕਸੀਜਨ ਦੀ ਕਮੀ ਨਹੀ ਆਈ ਅਤੇ ਨਾ ਹੀ ਕੋਰੋਨਾ ਦੇ ਮਰੀਜਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਿਲ ਹੋਣ ਵਿੱਚ ਕੋਈ ਮੁਸ਼ਕਿਲ ਪੇਸ਼ ਆਈ।
ਡਾ. ਰੰਜੂ ਸਿੰਗਲਾ ਵੱਲੋਂ ਜ਼ਿਲ੍ਹੇ ਦੇ ਸਾਰੇ ਸਿਵਲ ਹਸਪਤਾਲਾਂ ਵਿੱਚ ਆਪਣੇ ਨਿੱਜੀ ਯਤਨਾਂ ਸਦਕਾ ਆਕਸੀਜਨ ਪਲਾਂਟ ਲਗਵਾਏ ਗਏ। ਟੀ.ਬੀ ਦੇ ਲੋੜਵੰਦ ਮਰੀਜਾਂ ਨੂੰ ਖੁਰਾਕ ਕਿੱਟਾਂ ਦੇਣ ਦੀ ਸ਼ੁਰੂਆਤ ਆਪਣੇ ਤੋਂ ਕਰਕੇ ਸਿਹਤ ਵਿਭਾਗ ਦੇ ਸਟਾਫ ਅਤੇ ਹੋਰ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਡਾ. ਰੰਜੂ ਸਿੰਗਲਾ ਵੱਲੋਂ ਨਿੱਜੀ ਕੋਸ਼ਿਸ਼ਾ ਕਰਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਐੱਸ.ਡੀ.ਪੀ ਮਸ਼ੀਨ ਲਿਆਂਦੀ ਗਈ ਜਿਸ ਨਾਲ ਡੇਂਗੂ ਦੇ ਮਰੀਜਾਂ ਅਤੇ ਹੋਰ ਸੈੱਲ ਘੱਟ ਹੋਣ ਵਾਲੇ ਮਰੀਜਾਂ ਨੂੰ ਲਾਭ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਮਾਹਿਰ ਡਾਕਟਰਾਂ ਦੀ ਬਹੁਤ ਜਿਆਦਾ ਘਾਟ ਹੋਣ ਦੇ ਬਾਵਜੂਦ ਵੀ ਵਧੀਆ ਮੈਨੇਜ਼ਮੈਂਟ ਕਰਕੇ ਇੰਨ੍ਹਾ ਵੱਲੋਂ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਪ੍ਰਾਪਤ ਕਰਵਾਈਆਂ ਗਈਆਂ। ਆਪ ਨੂੰ ਜ਼ਿਲ੍ਹੇ ਵਿੱਚ ਵਧੀਆ ਸਿਹਤ ਸੇਵਾਵਾਂ ਬਦਲੇ ਸਾਲ 2023 ਵਿੱਚ ਕਾਇਆਕਲਪ ਪ੍ਰੋਗਰਾਮ ਰਾਜ ਪੱਧਰ ਤੇ ਸਿਹਤ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਆਪ ਨੂੰ ਰਾਜ ਪੱਧਰ ਤੇ ਜਿਲ੍ਹਾ ਪੱਧਰ ਤੇ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਇਹ ਮਹਾਨ ਸਖ਼ਸ਼ੀਅਤ ਕੱਲ੍ਹ 30 ਜੂਨ 2023 ਨੂੰ 34 ਸਾਲ 4 ਮਹੀਨੇ 25 ਦਿਨਾਂ ਦੀ ਬੇਦਾਗ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਰਹੇ ਹਨ । ਇਹਨਾਂ ਦੀ ਸੇਵਾ ਮੁਕਤੀ ਤੇ ਜ਼ਿਲ੍ਹੇ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। Author: Malout Live