ਕੌਮਾਂਤਰੀ “ਮਹਿਲਾ ਦਿਵਸ” ਤੇ ਵਿਸ਼ੇਸ਼- ਗੁਰਮੀਤ ਕੌਰ ਮੀਤ
ਮਲੋਟ: ਕੌਮਾਂਤਰੀ ਮਹਿਲਾ ਦਿਵਸ ਨਾਰੀ ਸ਼ਕਤੀ ਦਾ ਪ੍ਰਤੀਕ ਹੈ। ਅੰਤਰਰਾਸ਼ਟਰੀ ਪੱਧਰ 'ਤੇ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ। ਔਰਤਾਂ ਨਾਲ ਹੋ ਰਹੇ ਅਨਿਆਂ ਖਿਲਾਫ਼ ਆਵਾਜ਼ ਉਠਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ 'ਤੇ ਵੀ ਜੋਰ ਦਿੱਤਾ ਜਾਂਦਾ ਹੈ। ਇਸ ਤਹਿਤ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਤਿਹਾਸ ਵੱਲ ਝਾਤ ਮਾਰੀਏ ਤਾਂ ਔਰਤਾਂ ਕੋਲ ਉਹ ਅਧਿਕਾਰ ਤੇ ਸਾਧਨ ਨਹੀਂ ਸਨ ਜੋ ਮਰਦਾਂ ਕੋਲ ਸਨ ਜੋ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸਨ। ਉਨ੍ਹਾਂ ਦੇ ਕੰਮ ਦੇ ਘੰਟੇ ਲੰਬੇ ਸਨ, ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ ਤੇ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ। 1908 ਵਿੱਚ ਇਸ ਵਿਤਕਰੇ ਤੇ ਜ਼ੁਲਮ ਨੂੰ ਲੈ ਕੇ ਔਰਤਾਂ ਵਿੱਚ ਚੇਤਨਾ ਪੈਦਾ ਹੋਈ ਤੇ ਅੰਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਤਕਰੀਬਨ 15,000 ਔਰਤਾਂ ਨੇ ਨਿਊਯਾਰਕ ਦੀਆਂ ਸੜਕਾਂ ’ਤੇ ਰੈਲੀ ਕੱਢੀ। 1911 ਵਿੱਚ, ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਨੇਤਾ ਕਲਾਰਾ ਜੇਟਕਿਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰਸਤਾਵ ਰੱਖਿਆ।
ਇਸ ਨੂੰ 19 ਮਾਰਚ ਨੂੰ ਮਨਾਇਆ ਗਿਆ। ਇਸ ਦੇ ਨਾਲ ਹੀ 1913-1914 ਵਿੱਚ, ਰੂਸ ਵਿੱਚ 23 ਫਰਵਰੀ ਨੂੰ ਪਹਿਲਾ ਮਹਿਲਾ ਦਿਵਸ ਮਨਾਇਆ ਗਿਆ ਤੇ ਬਾਅਦ ਵਿੱਚ ਇਸ ਨੂੰ ਵਿਸ਼ਵ ਪੱਧਰ 'ਤੇ 8 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਔਰਤਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ। ਔਰਤਾਂ ਨੂੰ ਜੁਲਮ ਸਹਿਣਾ ਨਹੀਂ ਬਲਕਿ ਜੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ। ਨਾਰੀ ਬੇਸ਼ੱਕ ਅੱਜ ਹਰ ਖੇਤਰ ਵਿੱਚ ਪਹਿਲਾਂ ਨਾਲੋਂ ਮੋਹਰੀ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਅਜਿਹੇ ਮੌਕੇ ਔਰਤ ਨੂੰ ਆਪਣੇ ਲਈ ਲੜਨਾ ਚਾਹੀਦਾ ਹੈ ਤੇ ਮਰਦ ਨੂੰ ਵੀ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ। ਭਰੂਣ ਹੱਤਿਆ ਖਿਲਾਫ਼ ਔਰਤਾਂ ਨੂੰ ਆਵਾਜ ਉਠਾਉਣੀ ਚਾਹੀਦੀ ਹੈ ਅਤੇ ਦਾਜ ਦੇ ਲੋਭੀਆਂ ਲਈ ਸਖਤ ਕਾਨੂੰਨ ਲਾਗੂ ਹੋਣ ਚਾਹੀਦੇ ਹਨ। ਸਰਕਾਰ ਨੂੰ ਔਰਤਾਂ ਦੀ ਰੱਖਿਆ ਲਈ ਕਰਾਟੇ ਦੀ ਸਿਖਲਾਈ ਦੇਣੀ ਚਾਹੀਦੀ ਹੈ। 'ਮੀਤ' ਦਾ ਕਹਿਣਾ ਹੈ ਕਿ ਦੇਸ਼ ਬੇਸ਼ੱਕ ਅਜ਼ਾਦ ਹੋ ਚੁੱਕਿਆ ਹੈ ਪਰ ਔਰਤ ਅੱਜ ਵੀ ਪੂਰੀ ਤਰ੍ਹਾਂ ਨਾਲ ਅਜ਼ਾਦ ਨਹੀਂ ਹੈ। ਔਰਤ ਉਸ ਦਿਨ ਅਜ਼ਾਦ ਹੋਵੇਗੀ ਜਿਸ ਦਿਨ ਬਲਾਤਕਾਰ ਹੋਣੇ ਬੰਦ ਹੋ ਜਾਣਗੇ। Author: Malout Live