ਸਿੱਖ ਦੀ ਟਰੱਕ ਸੇਵਾ ਨੇ ਜਿੱਤਿਆ ਅਮਰੀਕੀਆਂ ਦਾ ਦਿਲ

ਵਾਸ਼ਿੰਗਟਨ: ਇੱਥੇ ਇੱਕ ਅਮਰੀਕੀ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਵੱਲੋਂ ਸਥਾਨਕ ਲੋੜਵੰਦ ਸਕੂਲ ਤੇ ਸਮਾਜਸੇਵੀ ਸੰਸਥਾਵਾਂ ਨੂੰ ਲੋੜ ਦੇ ਆਧਾਰ ’ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੀ ਅਮਰੀਕੀ ਲੋਕਾਂ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਅਮੈਰੀਕਨ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਡੀਸੀ ਨਿਵਾਸੀ ਸੋਨੀ ਕੱਕੜ ਨੇ ਇੱਕ ਪੁਰਾਣਾ ਫੈੱਡਐਕਸ ਟਰੱਕ ਖਰੀਦ ਕੇ ਉਸ ਨੂੰ ਸੰਤਰੀ ਰੰਗ ਵਿੱਚ ਰੰਗਦਿਆਂ ‘ਸੇਵਾ ਟਰੱਕ’ ਤਹਿਤ ਖਾਣਾ ਮੁਹੱਈਆ ਕਰਵਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਕੱਕੜ ਨੇ ਆਪਣੇ ਇਸ ਉਪਰਾਲੇ ਦੀ ਸ਼ੁਰੂਆਤ ਸਹੂਲਤਾਂ ਤੋਂ ਮਹਿਰੂਮ ਤਬਕਿਆਂ ਦੇ ਬੱਚਿਆਂ ਨੂੰ ਧਿਆਨ ’ਚ ਰੱਖ ਕੀਤੀ ਸੀ। ਤਿੰਨ ਸਾਲਾਂ ਦੇ ਸਮੇਂ ਦੌਰਾਨ ਇਹ ‘ਸੰਤਰੀ ਟਰੱਕ’ ਸਿਰਫ ਆਪਣੇ ਸਥਾਨਕ ਖੇਤਰ ਲਈ ਹੀ ਮਾਣ ਦਾ ਸਬੱਬ ਨਹੀਂ ਬਣਿਆ ਸਗੋਂ ਵਧ ਕੇ ਹੁਣ 20 ਹਜ਼ਾਰ ਲੋਕਾਂ ਤੱਕ ਖਾਣੇ ਦੀ ਸੇਵਾ ਪਹੁੰਚਾ ਰਿਹਾ ਹੈ।