ਦੁਕਾਨ 'ਚ ਲੱਗੀ ਅੱਗ ਨਾਲ ਬਾਰਦਾਨਾ ਤੇ ਹੋਰ ਸਾਮਾਨ ਸੜਿਆ

ਮਲੋਟ:- ਬੀਤੇ ਦਿਨ ਮਲੋਟ ਵਿਖੇ ਇੱਕ ਦੁਕਾਨ 'ਚ ਅਚਾਨਕ ਅੱਗ ਲੱਗਣ ਨਾਲ ਦੁਕਾਨ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੂੰ ਫਾਇਰ ਬ੍ਰਿਗੇਡ ਦਫ਼ਤਰ ਮਲੋਟ ਵਿਖੇ ਵਿਜੇ ਕੁਮਾਰ ਦਾ ਫ਼ੋਨ ਆਇਆ ਕਿ ਵਾਲਮੀਕਿ ਮੁਹੱਲੇ ਵਿਚ ਅਸ਼ੋਕ ਕਾਲੜਾ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਤਾਂ ਉਹ ਮੌਕੇ 'ਤੇ ਆਪਣੀ ਟੀਮ ਲੈ ਕੇ ਪਹੁੰਚੇ ਅਤੇ ਦੁਕਾਨ ਅੰਦਰ ਪਏ ਬਾਰਦਾਨਾਂ, ਖਾਲੀ ਪੇਟੀਆਂ, ਤਿੰਨ ਰੇਹੜੀਆਂ ਅੱਗ ਨਾਲ ਘਿਰੀਆਂ ਹੋਈਆਂ ਸਨ। ਟੀਮ ਨੇ ਸ਼ਟਰ ਤੋੜ ਕੇ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਵਿੱਚ ਕੁੱਝ ਬਾਰਦਾਨਾ ਲੱਕੜ ਦੀਆਂ ਪੇਟੀਆਂ ਅਤੇ ਕਰੇਟ ਸੜ ਗਏ। ਅੱਗ 'ਤੇ ਕਾਬੂ ਕਰ ਕੇ ਤਿੰਨ ਰੇਹੜੀਆਂ ਅਤੇ ਬਾਕੀ ਰਬੜ ਦੇ ਕਰੇਟ ਬਚਾਅ ਲਏ ਗਏ। ਗੁਰਸ਼ਰਨ ਸਿੰਘ ਫ਼ਾਇਰ ਅਫ਼ਸਰ ਨੇ ਦੱਸਿਆ ਕਿ ਦੋ ਗੱਡੀਆਂ ਨਾਲ ਬੜੀ ਜਦੋਂ ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ ਅਤੇ ਨਾਲ ਦੇ ਘਰਾਂ  ਤੇ ਦੁਕਾਨਾਂ ਨੂੰ ਸੜਨ ਤੋਂ ਬਚਾਅ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਰਾਤ ਸਮੇਂ ਲੱਗੀ ਹੋਣ ਕਰਕੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਗੁਰਸ਼ਰਨ ਸਿੰਘ ਬਿੱਟੂ ਫਾਇਰ ਅਫ਼ਸਰ, ਗੁਰਪਾਲ ਸਿੰਘ ਲੀਡਿੰਗ ਫਾਇਰਮੈਨ, ਜਗਜੀਤ ਸਿੰਘ ਡਰਾਈਵਰ, ਮਨਜੋਧਨ ਸਿੰਘ ਫਾਇਰਮੈਨ, ਹਰਚਰਨ ਸਿੰਘ ਫਾਇਰਮੈਨ, ਰਣਜੀਤ ਕੁਮਾਰ ਫਾਇਰਮੈਨ, ਗਗਨਦੀਪ ਸਿੰਘ ਫਾਇਰਮੈਨ, ਅਮਰਦੀਪ ਸਿੰਘ ਡਰਾਈਵਰ ਨੇ ਟੀਮ ਵਰਕ ਕਰਕੇ ਅੱਗ 'ਤੇ ਕਾਬੂ ਪਾਇਆ।