ਬਠਿੰਡਾ 'ਚ ਬਾਰਿਸ਼ ਕਾਰਨ ਸੀਵਰੇਜ ਧੱਸਿਆ, ਮਜ਼ਦੂਰ ਦੀ ਮੌਤ

ਬਠਿੰਡਾ:- ਬਠਿੰਡਾ ’ਚ ਕਿਣਮਿਣ ਦਾ ਕਹਿਰ ਕਰੀਬ 24 ਘੰਟਿਆਂ ਤੋਂ ਜਾਰੀ ਹੈ, ਜਿਸ ਦੌਰਾਨ ਇਕ ਸੀਵਰੇਜ ਬੈਠ ਜਾਣ ਕਾਰਣ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਇਕ ਪੁਰਾਣੀ ਇਮਾਰਤ ਵੀ ਡਿੱਗ ਪਈ। ਆਦਰਸ਼ ਨਗਰ, ਬਠਿੰਡਾ ਵਿਖੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਸੀ, ਜਿਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਕਿਣਮਿਣ ਕਾਰਣ ਆਸ-ਪਾਸ ਦੀ ਮਿੱਟੀ ਗਿੱਲੀ ਹੋ ਕੇ ਕਮਜ਼ੋਰ ਹੋ ਚੁੱਕੀ ਸੀ, ਜਿਸ ਦੌਰਾਨ ਮਸ਼ੀਨਾਂ ਦਾ ਵਜ਼ਨ ਨਾ ਝਲਦਿਆਂ ਖੁਦਾਈ ਕੀਤਾ ਸੀਵਰੇਜ ਧੱਸ ਗਿਆ ਅਤੇ ਸੀਵਰੇਜ ’ਚ ਕੰਮ ਕਰ ਰਿਹਾ ਇਕ ਮਜ਼ਦੂਰ ਮਿੱਟੀ ਹੇਠਾਂ ਹੀ ਦੱਬਿਆ ਗਿਆ। ਸਾਥੀ ਮਜ਼ਦੂਰਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਵਰਕਰਾਂ ਸਮੇਤ ਮੌਕੇ ’ਤੇ ਪਹੁੰਚੇ। ਜੇ. ਸੀ. ਬੀ. ਅਤੇ ਲੋਕਾਂ ਦੀ ਮਦਦ ਨਾਲ ਜਦੋਂ ਤੱਕ ਮਜ਼ਦੂਰ ਨੂੰ ਮਿੱਟੀ ’ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਸ਼ਨਾਖਤ ਸ਼ੰਕਰ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਵਜੋਂ ਹੋਈ ਹੈ, ਜੋ ਇਥੇ ਠੇਕੇਦਾਰ ਕੋਲ ਕੰਮ ਕਰ ਰਿਹਾ ਸੀ।