ਮਾਘੀ ਮੇਲੇ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਰਿਵਿਊ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਾਲੀ ਮੁੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁੁਕਤਸਰ ਸਾਹਿਬ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਘੀ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸ਼੍ਰੀ ਮੁਕਤਸਰ ਸਾਹਿਬ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਸੈਕਟਰਾਂ ਵਿੱਚ ਸੈਕਟਰ ਅਫਸਰਾਂ ਤੋਂ ਇਲਾਵਾ ਮੈਡੀਕਲ ਟੀਮਾਂ ਅਤੇ ਪੁਲਿਸ ਟੀਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਲੋੜ ਸਮੇਂ ਸ਼ਰਧਾਲੂਆਂ ਦੀ ਸਹਾਇਤਾਂ ਕੀਤੀ ਜਾ ਸਕੇ। ਉਹਨਾਂ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਨਜਾਇਜ਼ ਕਬਜੇ ਛੁਡਵਾਏ ਜਾਣ। ਇਸ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ, ਸੜਕਾਂ, ਖਾਲੀ ਪਲਾਟਾਂ ਵਿੱਚ ਨਜਾਇਜ਼ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣ ਅਤੇ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਨਗਰ ਕੌਂਸਲ ਅਤੇ ਪਾਵਰਕਾਮ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਬਿਜਲੀ ਦੇ ਖੰਭਿਆਂ ਅਤੇ ਸੜਕਾਂ ਤੇ ਲੱਗੇ ਨਜਾਇਜ਼ ਫਲੈਕਸ ਹੋਰਡਿੰਗ ਨੂੰ ਉਤਰਵਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾਵੇ। ਉਹਨਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਸੀਵਰੇਜ਼ ਦੇ ਮੇਨ ਹੋਲਾਂ ਦੀ ਸਫਾਈ ਕੀਤੀ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਅਤੇ
ਸ਼ਹਿਰ ਨਿਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਆਰਜੀ ਪਖਾਨਿਆਂ ਦਾ ਪ੍ਰਬੰਧ ਵੀ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਤਿਹਾਸਕ ਮਾਘੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ ਦਾ ਕੂੜਾ ਕਚਰਾ ਗਲੀਆਂ ਅਤੇ ਸੜਕਾਂ ਤੇ ਸੁੱਟਣ ਦੀ ਬਜਾਏ ਕੂੜਾ ਕੁਲੈਕਸ਼ਨ ਕਰਨ ਆਏ ਕਰਮਚਾਰੀ ਜਾਂ ਕੂੜਾਂ ਸੁੱਟਣ ਲਈ ਨਿਰਧਾਰਿਤ ਕੀਤੀਆਂ ਡੰਪ ਵਾਲੀਆਂ ਥਾਵਾਂ ਤੇ ਹੀ ਸੁੱਟਿਆ ਜਾਵੇ। ਉਹਨਾਂ ਬੀ.ਐਂਡ ਆਰ (ਸੜਕਾਂ), ਮੰਡੀ ਬੋਰਡ ਅਤੇ ਨਗਰ ਕੌਸਲ ਨੂੰ ਹਦਾਇਤਾਂ ਕੀਤੀ ਕਿ ਸ਼੍ਰੀ ਮੁੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁੁਰੰਮਤ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਯਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਸੁਰਿੰਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐੱਸ.ਡੀ.ਐੱਮ ਸ਼੍ਰੀ ਮੁੁਕਤਸਰ ਸਾਹਿਬ ਸ਼੍ਰੀ ਕੰਵਰਜੀਤ ਸਿੰਘ, ਐੱਸ.ਡੀ.ਐੱਮ.ਗਿੱਦੜਬਾਹਾ ਅਜੀਤਪਾਲ ਸਿੰਘ, ਮਲੋਟ ਐੱਸ.ਡੀ.ਐੱਮ ਡਾ. ਸੰਜੀਵ ਕੁਮਾਰ, ਜਿਲ੍ਹਾ ਮਾਲ ਅਫ਼ਸਰ ਸ਼੍ਰੀਮਤੀ ਸਰੋਜ ਰਾਣੀ, ਕਾਰਜ ਸਾਧਕ ਅਫ਼ਸਰ ਸ਼੍ਰੀ ਰਜਨੀਸ਼ ਗਿਰਧਰ, ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰੀ ਜਗਮੋਹਣ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। Author: Malout Live