ਮਾਘੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਸ਼ੁਰੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਾਲੀ ਮੁਕਤਿਆਂ ਦੀ ਯਾਦ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਜੋੜ ਮੇਲੇ ਤੋਂ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਨਿਰਦੇਸ਼ਾਂ ਤੇ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਸਫਾਈ ਮੁਹਿੰਮ ਵਿੱਢੀ ਗਈ ਹੈ। ਇਸ ਤੋਂ ਬਿਨ੍ਹਾਂ ਸ਼ਹਿਰ ਵਿੱਚ ਬਿਨ੍ਹਾਂ ਆਗਿਆ ਤੋਂ ਲੱਗੇ ਹੋਡਿੰਗ ਫਲੈਕਸ ਵੀ ਉਤਾਰੇ ਜਾ ਰਹੇ ਹਨ, ਜੋ ਸ਼ਹਿਰ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਨਜਾਇਜ਼ ਤੌਰ ਤੇ ਕੀਤੇ ਆਰਜੀ ਕਬਜ਼ੇ ਵੀ ਹਟਾਏ ਜਾ ਰਹੇ ਹਨ ਤਾਂ ਜੋ ਮਾਘੀ ਮੌਕੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਵੱਖ-ਵੱਖ ਟੀਮਾਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਰੋਜ਼ਾਨਾ ਆਧਾਰ ਤੇ ਸਫਾਈ ਕਰ ਰਹੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਡੰਪ ਵਾਲੀਆਂ ਥਾਵਾਂ ਤੋਂ ਕੂੜਾ ਰੋਜ਼ਾਨਾ ਹੀ ਚੁੱਕਿਆ ਜਾਵੇ। ਇਸ ਤੋਂ ਬਿਨ੍ਹਾਂ ਸ਼ਹਿਰ ਦੀ ਹਦੂਦ ਤੋਂ ਬਾਹਰ ਪੇਂਡੂ ਖੇਤਰਾਂ ਵਿੱਚ ਮਗਨਰੇਗਾ ਦੀ ਲੇਬਰ ਰਾਹੀਂ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਪਵਿੱਤਰ ਸ਼ਹਿਰ ਵੱਲ ਆਉਣ ਵਾਲੇ ਹਰੇਕ ਸ਼ਰਧਾਲੂ ਨੂੰ ਸਾਫ ਸੁਥਰੇ ਰਾਸਤੇ ਮਿਲਣ। ਕਾਰਜ ਸਾਧਕ ਅਫਸਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਸਹਿਯੋਗ ਕਰਨ ਤਾਂ ਜੋ ਮਾਘੀ ਤੋਂ ਪਹਿਲਾਂ ਇਸ ਪਵਿੱਤਰ ਸ਼ਹਿਰ ਨੂੰ ਹੋਰ ਵੀ ਸਾਫ ਸੁਥਰਾ ਕੀਤਾ ਜਾ ਸਕੇ। Author: Malout Live